ਜਲੰਧਰ ਪੱਛਮੀ ਜ਼ਿਮਨੀ ਚੋਣਾਂ ਚ ਅਕਾਲੀ ਦਲ ਵਿਚਾਲੇ ਧੜੇਬਾਜੀ ਕਾਰਨ ਗੁੱਥਮ-ਗੁੱਥੀ ਚੱਲ ਰਹੀ ਹੈ। ਇਸ ਵਿਚਾਲੇ ਸਾਰੇ ਘਟਨਾਕ੍ਰਮ ਨੂੰ ਲੈ ਅੱਜ ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਸ. ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਸਮੁੱਚੀ ਲੀਡਰਸ਼ਿਪ ਨੇ ਪੂਰਨ ਭਰੋਸਾ ਪ੍ਰਗਟਾਇਆ ਅਤੇ ਕਿਹਾ ਕਿ ਸਿਧਾਂਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਹੋ ਸਕਦਾ ਅਤੇ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਖਾਲਸਾ ਪੰਥ, ਪੰਜਾਬ ਤੇ ਅਕਾਲੀ ਦਲ ਦੇ ਵੱਕਾਰ ਨਾਲ ਸਮਝੌਤਾ ਨਾ ਕਰਨ ’ਤੇ ਸ. ਬਾਦਲ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਸਾਨੀ ਨਾਲ ਭਾਜਪਾ ਨਾਲ ਸਮਝੌਤਾ ਕਰ ਸਕਦਾ ਸੀ ਪਰ ਮੈਂ ਇਸ ਕਰ ਕੇ ਨਾਂਹ ਕੀਤੀ ਕਿਉਂਕਿ ਮੈਨੂੰ ਕਿਹਾ ਗਿਆ ਸੀ ਕਿ ਮੈਂ ਬਗੈਰ ਬੰਦੀ ਸਿੰਘਾਂ, ਪੰਜਾਬ ਦੇ ਦਰਿਆਈ ਪਾਣੀਆਂ, ਇਸਦੀ ਰਾਜਧਾਨੀ ਸਮੇਤ ਪੰਜਾਬ ਦੇ ਮਸਲਿਆਂ ’ਤੇ ਚਰਚਾ ਕੀਤੇ ਬਗੈਰ ਸੀਟਾਂ ਦਾ ਲੈਣ ਦੇਣ ਕਰ ਲਵਾਂ। ਉਹਨਾਂ ਕਿਹਾ ਕਿ ਮੈਂ ਕਿਸੇ ਵੀ ਕੀਮਤ ’ਤੇ ਪੰਥ, ਕਿਸਾਨਾਂ ਤੇ ਪੰਜਾਬੀਆਂ ਨਾਲ ਧੋਖਾ ਨਹੀਂ ਕਰ ਸਕਦਾ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਸਿਧਾਂਤਾਂ ਪ੍ਰਤੀ ਮੈਂ ਵਚਨਬੱਧ ਹਾਂ ਅਤੇ ਹਮੇਸ਼ਾ ਰਹਾਂਗਾ।
ਇਸ ਦੇ ਨਾਲ ਹੀ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮੌਕਾਪ੍ਰਸਤ ਤੱਤਾਂ ਵੱਲੋਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਫੇਲ੍ਹ ਬਣਾਉਣ। ਇਸ ਮੌਕੇ ਯੂਥ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਰਹੀ। ਮੀਟਿੰਗ ਵਿਚ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਵੀ ਸ਼ਮੂਲੀਅਤ ਕੀਤੀ।