ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ‘ਚ ਸੋਮਵਾਰ (8 ਜੁਲਾਈ) ਨੂੰ ਹੋਏ ਅੱਤਵਾਦੀ ਹਮਲੇ ‘ਚ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸਮੇਤ ਪੰਜ ਜਵਾਨ ਸ਼ਹੀਦ ਹੋ ਗਏ। ਹਮਲੇ ‘ਚ ਜ਼ਖਮੀ ਹੋਏ ਪੰਜ ਜਵਾਨਾਂ ਨੂੰ ਕਠੂਆ ਦੇ ਬਿਲਵਰ ਕਮਿਊਨਿਟੀ ਹੈਲਥ ਸੈਂਟਰ ਤੋਂ ਦੇਰ ਰਾਤ ਪਠਾਨਕੋਟ ਮਿਲਟਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਹਮਲੇ ਨੂੰ ਲੈ ਕੇ ਫੌਜ ਦੇ ਸੂਤਰਾਂ ਤੋਂ ਲਗਾਤਾਰ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਇਸ ਦੇ ਮੁਤਾਬਕ ਇਹ ਹਮਲਾ 3 ਅੱਤਵਾਦੀਆਂ ਨੇ ਕੀਤਾ ਸੀ। ਉਹ ਆਧੁਨਿਕ ਹਥਿਆਰਾਂ ਨਾਲ ਲੈਸ ਸਨ। ਇਨ੍ਹਾਂ ਅੱਤਵਾਦੀਆਂ ਨੇ ਹਾਲ ਹੀ ‘ਚ ਸਰਹੱਦ ਪਾਰ ਤੋਂ ਘੁਸਪੈਠ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ‘ਚ ਇਕ ਸਥਾਨਕ ਗਾਈਡ ਨੇ ਵੀ ਅੱਤਵਾਦੀਆਂ ਦੀ ਮਦਦ ਕੀਤੀ ਸੀ।ਦਰਅਸਲ, ਸੁਰੱਖਿਆ ਬਲ ਦੁਪਹਿਰ 3.30 ਵਜੇ ਕਠੂਆ ਦੇ ਲੋਹਾਈ ਮਲਹਾਰ ਬਲਾਕ ਦੇ ਮਛੇੜੀ ਖੇਤਰ ਦੇ ਬਦਨੋਟਾ ‘ਚ ਤਲਾਸ਼ੀ ਕਰ ਰਹੇ ਸਨ, ਜਦੋਂ ਅੱਤਵਾਦੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ‘ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ।
ਇਸ ਤੋਂ ਬਾਅਦ ਫੌਜ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਮੰਗਲਵਾਰ ਨੂੰ ਦੂਜੇ ਦਿਨ ਵੀ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਜਾਰੀ ਹੈ।ਕਸ਼ਮੀਰ ਟਾਈਗਰਜ਼ ਨਾਂ ਦੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਸੰਗਠਨ ਪਾਬੰਦੀਸ਼ੁਦਾ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੀ ਇਕ ਸ਼ਾਖਾ ਹੈ। ਸੰਗਠਨ ਵਲੋਂ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਲਿਖਿਆ ਗਿਆ ਕਿ ਇਹ ਹਮਲਾ 26 ਜੂਨ ਨੂੰ ਡੋਡਾ ‘ਚ ਮਾਰੇ ਗਏ 3 ਅੱਤਵਾਦੀਆਂ ਦੀ ਮੌਤ ਦਾ ਬਦਲਾ ਹੈ। ਇਹ ਵੀ ਦੱਸਿਆ ਕਿ ਅੱਤਵਾਦੀਆਂ ਨੇ ਹੈਂਡ ਗ੍ਰਨੇਡ ਅਤੇ ਸਨਾਈਪਰ ਗਨ ਨਾਲ ਹਮਲਾ ਕੀਤਾ।