ਪੰਜਾਬ ਕਾਂਗਰਸ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਕਾਂਗਰਸ ਦਾ ਹੱਥ ਛੱਡ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਿੰਦਰ ਸਿੰਘ ਕੇ. ਪੀ. ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਹੈ। ਕੇ. ਪੀ. ਦੁਆਬੇ ਵਿਚ ਕਾਂਗਰਸ ਦਾ ਵੱਡਾ ਚਿਹਰਾ ਸਨ ਅਤੇ ਲਗਾਤਾਰ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਦਰਅਸਲ ਕੇ. ਪੀ. ਜਲੰਧਰ ਤੋਂ ਲੋਕ ਸਭਾ ਟਿਕਟ ਦੇ ਦਾਅਵੇਦਾਰ ਸਨ ਪਰ ਪਾਰਟੀ ਨੇ ਇਥੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿਚ ਉਤਾਰ ਦਿੱਤਾ।
ਹੁਣ ਕੇ. ਪੀ. ਨੇ ਸਦਾ ਲਈ ਕਾਂਗਰਸ ਨੂੰ ਅਲਵਿਦਾ ਆਖਦਿਆਂ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ ਹੈ। ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ ਉਨ੍ਹਾਂ ਨੂੰ ਜਲੰਧਰ ਤੋਂ ਚੋਣ ਮੈਦਾਨ ਵਿਚ ਉਤਾਰ ਸਕਦਾ ਹੈ।
ਸੁਖਬੀਰ ਬਾਦਲ ਨੇ ਮਹਿੰਦਰ ਸਿੰਘ ਕੇ. ਪੀ. ਦਾ ਪਾਰਟੀ ‘ਚ ਸਵਾਗਤ ਕਰਦੇ ਕਿਹਾ, ‘ਕੇ.ਪੀ ਜੀ, ਜੋ ਕਿ ਤਿੰਨ ਵਾਰ ਵਿਧਾਇਕ ਵੀ ਰਹੇ ਹਨ, ਨੂੰ ਇੱਕ ਨਿਮਰ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਸਿਵਲ ਸੁਸਾਇਟੀ ਦੇ ਨਾਲ-ਨਾਲ ਦਲਿਤ ਸਮਾਜ ਦੀ ਭਲਾਈ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਹਨਾਂ ਦੀ ਸ਼ਮੂਲੀਅਤ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ ਦੋਆਬਾ ਖੇਤਰ ਵਿੱਚ ਮਜ਼ਬੂਤੀ ਮਿਲੇਗੀ। ਮੈਨੂੰ ਯਕੀਨ ਹੈ ਕਿ ਉਹ ਜਲੰਧਰ (ਰਾਖਵੀਂ) ਸੀਟ ਤੋਂ ਯੋਗ ਉਮੀਦਵਾਰ ਹਨ ਤੇ ਉਹ ਜਿੱਤ ਦਰਜ਼ ਕਰਨਗੇ।’