ਸੂਬੇ ਚ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਪੁਲਿਸ ਦੀ ਚੌਕਸੀ ਦੇ ਬਾਵਜੂਦ ਲੁਟੇਰੇ ਦਿਨ-ਦਿਹਾੜੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਬਾਜ ਨਹੀਂ ਆ ਰਹੇ। ਤਾਜ਼ਾ ਘਟਨਾ ਬਠਿੰਡਾ ਦੇ ਗੋਨਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਮੰਡੀ ’ਚ ਗੋਵਿੰਦ ਪ੍ਰਧਾਨ ਵਾਲੀ ਗਲੀ ਵਿੱਚ ਬਾਈਕ ਸਵਾਰ ਦੋ ਲੁਟੇਰੇ ਪੈਦਲ ਜਾ ਰਹੀ ਇੱਕ ਔਰਤ ਦਾ ਪਰਸ ਖੋਹ ਕੇ ਫਰਾਰ ਹੋ ਗਏ। ਹਾਲਾਂਕਿ ਔਰਤ ਨੇ ਬਦਮਾਸ਼ਾਂ ਦਾ ਪਿੱਛਾ ਵੀ ਕੀਤਾ, ਪਰ ਉਨ੍ਹਾਂ ਨਾਕਾਮ ਰਹੀ। ਲੁੱਟ ਦੀ ਸਾਰੀ ਘਟਨਾ ਗਲੀ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ।
ਜਾਣਕਾਰੀ ਮੁਤਾਬਕ ਗੋਨਿਆਣਾ ਮੰਡੀ ਦੀ ਰਹਿਣ ਵਾਲੀ ਸੰਜੂਬਾਲਾ ਪਤਨੀ ਅਮਿਤ ਕੁਮਾਰ ਆਪਣੇ ਪੁੱਤਰ ਨਾਲ ਘਰੋਂ ਕਿਤੇ ਜਾ ਰਹੀ ਸੀ। ਇਸ ਦੌਰਾਨ ਮੰਜੂ ਨੇ ਹੱਥ ਵਿੱਚ ਆਪਣਾ ਪਰਸ ਫੜਿਆ ਹੋਇਆ ਸੀ। ਜਿਵੇਂ ਹੀ ਉਹ ਆਪਣੇ ਘਰੋਂ ਕੁਝ ਦੂਰੀ ’ਤੇ ਪਹੁੰਚੀ ਤਾਂ ਪਿੱਛੋਂ ਇੱਕ ਮੋਟਰਸਾਇਕਲ ‘ਤੇ ਸਵਾਰ ਦੋ ਲੁਟੇਰੇ ਆਏ ਅਤੇ ਪਰਸ ਖੋਹ ਕੇ ਫਰਾਰ ਹੋ ਗਏ, ਔਰਤ ਨੇ ਕਾਫੀ ਰੌਲਾ ਵੀ ਪਾਇਆ, ਬਦਮਾਸ਼ਾਂ ਦਾ ਪਿੱਛਾ ਕੀਤਾ, ਪਰ ਬਦਮਾਸ਼ ਹੱਥ ਨਹੀਂ ਆ ਸਕੇ।
ਫਿਲਹਾਲ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਸ਼ਹਿਰ ਚ ਲੱਗੇ ਸੀਸੀਟੀਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਦੋਸ਼ੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।