ਫਿਰੋਜ਼ਪੁਰ ਜ਼ੀਰਾ ਵਿਖੇ ਇਕ ਵਾਰ ਫਿਰ ਅੱਗ ਦਾ ਤਾਂਡਵ ਵੇਖਣ ਨੂੰ ਮਿਲਿਆ ਹੈ। ਜ਼ੀਰਾ ਦੇ ਨੈਸ਼ਨਲ ਹਾਈਵੇਅ ਨੰਬਰ 54 ‘ਤੇ ਸਥਿਤ ਪਿੰਡ ਧੰਨਾ ਸ਼ਹੀਦ ਰਟੋਲ ਰੋਹੀ ਅਤੇ ਮਈਆਂ ਵਾਲਾ ਦੀ ਕਰੀਬ 50 ਏਕੜ ਕਣਕ ਦੀ ਫ਼ਸਲ ਅਤੇ 100 ਏਕੜ ਦੇ ਕਰੀਬ ਕਣਕ ਦਾ ਨਾੜ ਅੱਗ ਦੀ ਚਪੇਟ ‘ਚ ਆਉਣ ਕਾਰਨ ਸੜ ਕੇ ਸਵਾਹ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਚਸ਼ਮਦੀਦਾਂ ਨੇ ਦੱਸਿਆ ਕਿ ਇਕ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ ਅਤੇ ਤੇਜ਼ ਹਨ੍ਹੇਰੀ ਦੇ ਚਲਦਿਆਂ ਅੱਗ ਨੇ ਇਕਦਮ ਇੰਨੀ ਤੇਜ਼ ਰਫ਼ਤਾਰ ਫੜ ਲਈ ਕਿ ਥੋੜ੍ਹੇ ਹੀ ਸਮੇਂ ਵਿੱਚ ਅੱਗ ਨੇ ਤਿੰਨ ਤੋਂ ਚਾਰ ਪਿੰਡਾਂ ਦੀ ਖੜ੍ਹੀ ਕਣਕ ਦੀ ਫ਼ਸਲ ਅਤੇ ਕਣਕ ਦੇ ਨਾੜ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਉਨ੍ਹਾਂ ਦੱਸਿਆ ਕਿ ਅੱਗ ਦੇ ਇਸ ਤਾਂਡਵ ਦੌਰਾਨ ਸੜਕ ਤੋਂ ਬਾਈਕ ‘ਤੇ ਸਵਾਰ ਹੋ ਕੇ ਲੰਘ ਰਹੇ ਦੋ ਨੌਜਵਾਨ ਵੀ ਇਸ ਅੱਗ ਦੀ ਚਪੇਟ ਵਿੱਚ ਆ ਗਏ, ਜਿਨ੍ਹਾਂ ਵਿੱਚੋਂ ਇਕ ਨੌਜਵਾਨ ਦੀ ਅੱਗ ਵਿੱਚ ਝੁਲਸਣ ਕਾਰਨ ਮੌਕੇ ‘ਤੇ ਮੌਤ ਹੋ ਗਈ ਅਤੇ ਦੂਜੇ ਨੌਜਵਾਨ ਨੂੰ ਲੋਕਾਂ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ. ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਗ ਦੇ ਇਸ ਤਾਂਡਵ ਤੋਂ ਸੜਕ ‘ਤੇ ਸਥਿਤ ਇਕ ਪੈਟਰੋਲ ਪੰਪ ਦਾ ਵਾਲ-ਵਾਲ ਬਚਾਅ ਹੋ ਗਿਆ।