ਜੰਡਿਆਲਾ, : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਉਸ ਸਾਜ਼ਿਸ਼ ਨੂੰ ਸਮਝਣ ਜਿਸ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿਤਾਰਿਆ ਗਿਆ ਅਤੇ ਉਹਨਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਸਮਝਣ ਕਿ ਜਿਸ ਵਿਅਕਤੀ ਨੇ ਇਕ ਸਾਲ ਪਹਿਲਾਂ ਸਿੱਖੀ ਸਰੂਪ ਧਾਰਿਆ ਹੋਵੇ ਕੀ ਉਹ ਉਹਨਾਂ ਦੀ ਅਗਵਾਈ ਕਰਨ ਦੇ ਸਮਰਥ ਹੈ ਜਾਂ ਫਿਰ 103 ਸਾਲ ਪੁਰਾਣੀ ਪਾਰਟੀ ਜੋ ਆਪਣੇ ਪੁਰਖ਼ਿਆਂ ਦੇ ਕਦਮਾਂ ’ਤੇ ਚਲ ਰਹੀ ਹੈ, ਉਹ ਪਾਰਟੀ ਉਹਨਾਂ ਦੀ ਅਗਵਾਈ ਕਰਨ ਦੇ ਸਮਰਥ ਹੈ।ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਇਥੇ ਅਤੇ ਬਾਬਾ ਬਕਾਲਾ ਵਿਖੇ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਵਿਸ਼ਾਲ ਮੀਟਿੰਗਾਂ ਕੀਤੀਆਂ, ਨੇ ਕਿਹਾ ਕਿ ਇਕ ਵਿਅਕਤੀ ਜਿਸਨੇ ਇਕ ਸਾਲ ਅੰਮ੍ਰਿਤ ਛਕਿਆ ਹੋਵੇ ਤੇ ਚੋਲਾ ਪਾਉਂਦਾ ਹੋਵੇ, ਉਹ ਪੰਥ ਦਾ ਪ੍ਰਤੀਨਿਧ ਹੈ ਜਾਂ ਫਿਰ 103 ਸਾਲ ਪੁਰਾਣੀ ਪਾਰਟੀ ਜਿਸਦਾ ਪੰਥਕ ਕਦਰਾਂ ਕੀਮਤਾਂ ਦੀ ਰਾਖੀ ਦਾ ਰਿਕਾਰਡ ਹੈ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਲਾਂਕਣ ਕਰਨ ਕਿ ਕੀ ਅੰਮ੍ਰਿਤਪਾਲ ਨੂੰ ਕੇਂਦਰੀ ਏਜੰਸੀਆਂ ਨੇ ਤਾਂ ਖੜ੍ਹਾ ਨਹੀਂ ਕੀਤਾ। ਉਹਨਾਂ ਕਿਹਾ ਕਿ ਲੋਕ ਆਪ ਵੇਖਣ ਕਿ ਪਹਿਲਾਂ ਇਕ ਵਿਅਕਤੀ ਤਿਆਰ ਕੀਤਾ ਗਿਆ, ਫਿਰ ਉਸਦੀ ਪੇਸ਼ਕਾਰੀ ਕੀਤੀ ਗਈ, ਫਿਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਸੁਰੱਖਿਅਤ ਹਿਰਾਸਤ ਵਿਚ ਰੱਖਿਆ ਗਿਆ ਤੇ ਹੁਣ ਅਕਾਲੀ ਦਲ ਦੀ ਲੋਕਪ੍ਰਿਅਤਾ ਦਾ ਟਾਕਰਾ ਕਰਨ ਵਾਸਤੇ ਪਾਰਲੀਮਾਨੀ ਚੋਣਾਂ ਵਿਚ ਖੜ੍ਹਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਨੇ ਪਹਿਲਾਂ ਇਹ ਸਟੈਂਡ ਲਿਆ ਸੀ ਕਿ ਉਹ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦਾ ਤੇ ਸਿਰਫ ’ਅੰਮ੍ਰਿਤ ਪ੍ਰਚਾਰ’ ਹੀ ਕਰਨਾ ਚਾਹੁੰਦਾ ਹੈ ਤੇ ਨਸ਼ਿਆਂ ਖਿਲਾਫ ਲੜਾਈ ਲੜਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਅੰਮ੍ਰਿਤਪਾਲ ਦੇ ਐਨ ਐਸ ਏ ਤਹਿਤ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੋਣ ਦੇ ਬਾਵਜੂਦ ਉਸਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਹਰ ਸਹੂਲਤ ਦਿੱਤੀ ਗਈ।ਇਕ ਕਦਮ ਹੋਰ ਅੱਗੇ ਵੱਧਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਸਵਾਲ ਕੀਤਾ ਕਿ ਅੰਮ੍ਰਿਤਪਾਲ ਸਿੰਘ ਕੌਮ ਦੀ ਅਗਵਾਈ ਕਰਨ ਬਾਰੇ ਕਿਵੇਂ ਸੋਚ ਸਕਦਾ ਹੈ ਜਦੋਂ ਉਹ ਇਕ ਸਾਲ ਤੱਕ ਵੀ ਜੇਲ੍ਹ ਵਿਚ ਨਹੀਂ ਰਹਿ ਸਕਿਆ। ਉਹਨਾਂ ਕਿਹਾ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ 16 ਸਾਲ ਤੱਕ ਜੇਲ੍ਹ ਵਿਚ ਰਹੇ ਤਾਂ ਅਸੀਂ ਉਸ ਵੇਲੇ ਉਹਨਾਂ ਨੂੰ ਛੁਡਵਾਉਣ ਲਈ ਇਕ ਵੀ ਧਰਨਾ ਨਹੀਂ ਦਿੱਤਾ ਸੀ।ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਆਗੂਆਂ ਨੇ ਆਪ ਗ੍ਰਿਫਤਾਰੀਆਂ ਦਿੱਤੀਆਂ ਤੇ ਕਦੇ ਵੀ ਆਪਣਾ ਸਰੂਪ ਨਹੀਂ ਬਦਲਿਆ ਤੇ ਛੁਪ ਕੇ ਨਹੀਂ ਰਹੇ ਜਦੋਂ ਕਿ ਅੰਮ੍ਰਿਤਪਾਲ ਸਿੰਘ ਨੇ ਫੜੇ ਜਾਣ ਦੇ ਡਰੋਂ ਲੁਕਦਾ ਰਿਹਾ। ਸਰਦਾਰ ਬਾਦਲ ਨੇ ਸਪਸ਼ਟ ਕੀਤਾ ਕਿ ਅੰਮ੍ਰਿਤਪਾਲ ਸਿਰਫ ਆਪਣੇ ਆਪ ਨੂੰ ਛੁਡਵਾਉਣ ਲਈ ਚੋਣ ਲੜ ਰਿਹਾ ਹੈ ਨਾ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੜ ਰਿਹਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੇ ਸਾਰੇ ਪਰਿਵਾਰ ਅਕਾਲੀ ਦਲ ਦੇ ਨਾਲ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਵੋਟਰਾਂ ਨੂੰ ਅਪੀਲ ਕੀਤੀਕਿ ਉਹ ਚੇਤੇ ਰੱਖਣ ਕਿ ਵੋਟਾਂ ਵਾਲਾ ਦਿਨ 1 ਜੂਨ ਹੈ ਜਿਸ ਦਿਨ 1984 ਵਿਚ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ। ਉਹਨਾਂ ਕਿਹਾ ਕਿ ਸਿੱਖ ਇਹ ਵੀ ਚੇਤੇ ਰੱਖਣ ਕਿ ਕਿਵੇਂ 1984 ਵਿਚ ਉਹਨਾਂ ਦੇ ਭਰਾਵਾਂ ਦਾ ਕਤਲੇਆਮ ਕੀਤਾ ਗਿਆ ਤੇ ਕਾਂਗਰਸ ਦੀ ਸ਼ਹਿ ’ਤੇ ਇਹ ਸਭ ਕੁਝ ਹੋਇਆ।
ਭਾਜਪਾ ਦੀ ਗੱਲਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਚੋਣਾਂ ਹਾਰ ਰਹੀ ਹੈ। ਉਹਨਾਂ ਕਿਹਾ ਕਿ 400 ਸੀਟਾਂ ਤਾਂ ਭੁੱਲ ਹੀ ਜਾਓ, ਇਹ ਤਾਂ 200 ਸੀਟਾਂ ਵੀ ਨਹੀਂ ਜਿੱਤੇਗੀ। ਉਹਨਾਂ ਨੇ ਭਾਜਪਾ ਵੱਲੋ਼ ਵੰਡ ਪਾਊ ਮੁਹਿੰਮ ਚਲਾਉਣ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਘੱਟ ਗਿਣਤੀਆਂ ਨੂੰ ਵੀ ਸਮਾਜ ਦੇ ਬਹੁ ਗਿਣਤੀ ਲੋਕਾਂ ਦੇ ਬਰਾਬਰ ਹੀ ਅਧਿਕਾਰ ਹਾਸਲ ਹਨ।ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਦੱਸਿਆ ਕਿ ਕਿਵੇਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਜੋ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ, ਨੇ ਉਸ ਵੱਲੋਂ ਚੋਣਾਂ ਲੜਨ ਦੇ ਫੈਸਲੇ ਖਿਲਾਫ ਬਗਾਵਤ ਕੀਤੀ ਹੈ। ਵੁਹਨਾਂ ਕਿਹਾ ਕਿ 10 ਵਿਚੋਂ 7 ਬੰਦੀ ਵੱਖਰੀ ਬੈਰਕ ਵਿਚ ਹਨ ਤੇ ਹੁਣ ਰੋਟੀ ਵੀ ਵੱਖੋ-ਵੱਖ ਖਾ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਨੇ 7.5 ਸਾਲ ਐਨ ਐਸ ਏ ਅਧੀਨ ਕੱਢੇ ਜਿਸ ਵਿਚੋਂ ਤਿੰਨ ਸਾਲ ਉਹਨਾਂ ਦੀਆਂ ਲੱਤਾਂ ਨੂੰ ਸੰਗਲਾਂ ਨਾਲ ਬੰਨ ਕੇ ਰੱਖਿਆ ਗਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਸਾਢੇ ਨੌ ਮਹੀਨਿਆਂ ਤੱਕ ਉਹਨਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ।ਬਾਅਦ ਵਿਚ ਸਰਦਾਰ ਬਾਦਲ ਨੇ ਅੰਮ੍ਰਿਤਪਸਰ ਤੋਂ ਪਾਰਟੀ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਦੇ ਹੱਕ ਵਿਚ ਅਟਾਰੀ, ਅੰਮ੍ਰਿਤਸਰ ਪੱਛਮੀ ਤੇ ਅੰਮ੍ਰਿਤਸਰ ਦੱਖਣੀ ਵਿਚ ਵਿਸ਼ਾਲ ਰੈਲੀਆਂ ਕੀਤੀਆਂ।ਇਸ ਦੌਰਾਨ ਬਲਜੀਤ ਸਿੰਘ ਜਲਾਲਉਸਮਾ, ਸਤਿੰਦਰਜੀਤ ਸਿੰਘ ਛੱਜਲਵੱਡੀ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਪਹਿਵਾਨ ਅਤੇ ਗੁਰਪ੍ਰੀਤ ਸਿੰਘ ਰੰਧਾਵਾ ਨੇ ਵੀ ਇਕੱਤਰਤਾ ਨੂੰ ਸੰਬੋਧਨ ਕੀਤਾ।