ਫਾਜ਼ਿਲਕਾ : ਇੱਥੇ ਜਲਾਲਾਬਾਦ-ਫਿਰੋਜ਼ਪੁਰ ਫਾਜ਼ਿਲਕਾ ਹਾਈਵੇਅ ‘ਤੇ ਝੋਨੇ ਦੀਆਂ ਬੋਰੀਆਂ ਨਾਲ ਭਰੀ ਇਕ ਟਰਾਲੀ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਟਰਾਲੀ ਦਾ ਡਰਾਈਵਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਲੱਧੂਵਾਲਾ ਤੋਂ ਝੋਨੇ ਦੀ ਭਰੀ ਹੋਈ ਟਰਾਲੀ ਫਿਰੋਜ਼ਪੁਰ ਜਾ ਰਹੀ ਸੀ। ਅਚਾਨਕ ਥਾਣਾ ਸਦਰ ਦੇ ਨੇੜੇ ਟਰਾਲੀ ਦੇ ਉੱਪਰੋਂ ਇਕ ਝੋਨੇ ਦੀ ਬੋਰੀ ਹੇਠਾਂ ਡਿੱਗ ਗਈ ਅਤੇ ਟਰਾਲੀ ਦੇ ਟਾਇਰ ਹੇਠਾਂ ਆ ਗਈ। ਜਦੋਂ ਡਰਾਈਵਰ ਨੇ ਅਚਾਨਕ ਬ੍ਰੇਕ ਮਾਰੀ ਤਾਂ ਬੋਰੀਆਂ ਨਾਲ ਬੰਨ੍ਹੇ ਹੋਏ ਰੱਸੇ ਟੁੱਟ ਗਏ ਅਤੇ ਬੋਰੀਆਂ ਹੇਠਾਂ ਡਿੱਗਣੀਆਂ ਸ਼ੁਰੂ ਹੋ ਗਈਆਂ।
ਇਸ ਦੌਰਾਨ ਕਈ ਬੋਰੀਆਂ ਡਰਾਈਵਰ ‘ਤੇ ਵੀ ਡਿੱਗ ਗਈਆਂ ਅਤੇ ਉਹ ਜ਼ਖਮੀ ਹੋ ਗਿਆ। ਉਸ ਦਾ ਟਰੈਕਟਰ ਬੇਕਾਬੂ ਹੋ ਕੇ ਡਿਵਾਈਡਰ ‘ਤੇ ਜਾ ਚੜ੍ਹਿਆ। ਇਸ ਹਾਦਸੇ ਦੌਰਾਨ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ‘ਚ ਦਾਖ਼ਲ ਕਰਾਇਆ ਹੈ।