ਕੇਰਲ ਦੇ ਮਲਪੁਰਮ ਜ਼ਿਲ੍ਹੇ ਵਿੱਚ ਨਿਪਾਹ ਵਾਇਰਸ ਨਾਲ ਸੰਕਰਮਿਤ ਪਾਏ ਗਏ ਇੱਕ 14 ਸਾਲਾਂ ਨਾਬਾਲਗ ਬੱਚੇ ਦੀ ਮੌਤ ਹੋ ਗਈ ਹੈ। ਹਾਲਾਂਕਿ 2023 ਤੋਂ ਬਾਅਦ ਕੇਰਲ ਲਈ ਇਹ ਪਹਿਲੀ ਘਾਤਕ ਘਾਟਨ ਹੈ, ਜਿਸ ਵਿੱਚ ਨਿਪਾਲ ਵਾਇਰਸ ਨਾਲ ਕਿਸੇ ਦੀ ਜਾਨ ਗਈ ਹੈ। ਨਿਪਾਹ ਵਾਇਰਸ ਨਾਲ ਹੋਈ ਇਸ ਮੌਤ ਨੇ ਪੂਰੇ ਸੂਬੇ ਨੂੰ ਚਿੰਤਾ ’ਚ ਪਾ ਦਿੱਤਾ ਹੈ, ਕਿਉਂਕਿ ਬਿਮਾਰ ਹੋਣ ਤੋਂ ਬਾਅਦ ਕਰੀਬ 350 ਲੋਕ ਪਾਏ ਗਏ ਹਨ, ਜੋ ਨਾਬਾਲਗ ਬੱਚੇ ਦੇ ਸੰਪਰਕ ’ਚ ਆਏ ਸੀ। ਇਸ ਦੇ ਨਾਲ ਹੀ ਪ੍ਰਸ਼ਾਸਨ ਦੀ ਚਿੰਤਾ ਉਦੋਂ ਹੋਰ ਵੀ ਵੱਧ ਗਈ, ਜਦੋਂ ਮੁੱਢਲੀ ਜਾਂਚ ਵਿੱਚ ਪਾਇਆ ਗਿਆ ਕਿ ਮਰੀਜ਼ ਦੇ ਸੰਪਰਕ ਵਿੱਚ 6 ਵਿਅਕਤੀ ਪ੍ਰਭਾਵਿਤ ਜ਼ਿਲ੍ਹੇ ਦੇ ਬਾਹਰ ਦੇ ਖੇਤਰ ਤੋਂ ਹਨ। ਜਿਸ ਨਾਲ ਹੋਰ ਜ਼ਿਲ੍ਹਿਆਂ ’ਚ ਵੀ ਨਿਪਾਹ ਦੇ ਫੈਲਣ ਦਾ ਸੰਭਾਵਿਤ ਖ਼ਤਰਾ ਪੈਦਾ ਹੋ ਗਿਆ ਹੈ।
ਫਿਲਹਾਲ ਕੇਰਲ ਦੇ ਸਿਹਤ ਅਧਿਕਾਰੀ ਨਿਪਾਹ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਮਰੀਜ਼ ਨਾਲ ਸੰਪਰਕ ’ਚ ਆਏ ਸਾਰੇ ਵਿਅਕਤੀਆਂ ਦੀ ਭਾਲ ਕਰਕੇ ਜਾਂਚ ਕੀਤੀ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਐੱਨਆਈਵੀ ਦੇ ਹਵਾਲੇ ਨਾਲ ਵਾਇਰਸ ਨਾਲ ਮੌਤ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕੇਸ ਦੀ ਜਾਂਚ, ਮਹਾਂਮਾਰੀ ਸੰਬੰਧੀ ਲਿੰਕਾਂ ਦੀ ਪਹਿਚਾਣ ਅਤੇ ਤਕਨੀਕੀ ਸਹਾਇਤਾ ਵਿੱਚ ਰਾਜ ਦੀ ਸਹਾਇਤਾ ਲਈ ਇੱਕ ਸੰਯੁਕਤ ਪ੍ਰਕੋਪ ਪ੍ਰਤੀਕਿਰਿਆ ਕੇਂਦਰੀ ਟੀਮ ਤਾਇਨਾਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਸੋਮਵਾਰ ਨੂੰ ਮਰੀਜ਼ ਦੀ ਮੌਤ ਤੋਂ ਬਾਅਦ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਮਲਪੁਰਮ ਦੇ ਵਸਨੀਕ ਪੀੜਤ ਦੇ 13 ਨਜ਼ਦੀਕੀ ਸੰਪਰਕਾਂ ਤੋਂ ਟੈਸਟ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਜਾਰਜ ਨੇ ਕਿਹਾ ਕਿ ਕੋਜ਼ੀਕੋਡ ਮੈਡੀਕਲ ਕਾਲਜ ਵਾਇਰੋਲੋਜੀ ਲੈਬ ਨੂੰ ਭੇਜੇ ਗਏ ਨੌਂ ਨਮੂਨਿਆਂ ਅਤੇ ਤਿਰੂਵਨੰਤਪੁਰਮ ਐਡਵਾਂਸਡ ਵਾਇਰੋਲੋਜੀ ਇੰਸਟੀਚਿਊਟ ਨੂੰ ਭੇਜੇ ਗਏ ਚਾਰ ਨਮੂਨਿਆਂ ਦੇ ਨਤੀਜੇ ਅੱਜ ਆਉਣ ਦੀ ਉਮੀਦ ਹੈ। ਟੈਸਟ ਕੀਤੇ ਗਏ ਵਿਅਕਤੀਆਂ ’ਚੋਂ ਵਿੱਚੋਂ ਛੇ ਵਿੱਚ ਲੱਛਣ ਪ੍ਰਦਰਸ਼ਿਤ ਹੋਏ ਹਨ।
ਇਸ ਦੇ ਨਾਲ ਹੀ ਸੂਬੇ ਦੀ ਸਿਹਤ ਮੰਤਰੀ ਨੇ ਦੱਸਿਆ ਕਿ 350 ਲੋਕਾਂ ਦੀ ਇੱਕ ਸੰਪਰਕ ਸੂਚੀ ਤਿਆਰ ਕੀਤੀ ਗਈ ਹੈ, ਜਿਸ ਵਿੱਚ 101 ਨੂੰ ਉੱਚ ਜੋਜ਼ਮ ਮੰਨਿਆ ਜਾ ਰਿਹਾ ਹੈ। ਜਿਸ ਵਿੱਚ 68 ਸਿਹਤ ਸੰਭਾਲ ਕਰਮਚਾਰੀ ਸ਼ਾਮਲ ਹਨ, ਜਿਨ੍ਹਾਂ ਨੇ ਲੜਕੇ ਨਾਲ ਗੱਲਬਾਤ ਕੀਤੀ। ਬੀਮਾਰ ਹੋਣ ਤੋਂ ਬਾਅਦ ਉਹ ਜਿਸ ਪ੍ਰਾਈਵੇਟ ਬੱਸ ‘ਤੇ ਸਫ਼ਰ ਕਰਦਾ ਸੀ, ਉਸ ਦੀ ਵੀ ਪਛਾਣ ਕਰ ਲਈ ਗਈ ਹੈ।
ਫਿਲਹਾਲ ਸਾਵਧਾਨੀ ਦੇ ਤੌਰ ‘ਤੇ, ਪ੍ਰਭਾਵਿਤ ਜ਼ਿਲ੍ਹੇ ਵਿੱਚ ਜਨਤਕ ਥਾਵਾਂ ‘ਤੇ ਹੁਣ ਮਾਸਕ ਲਾਜ਼ਮੀ ਕਰ ਦਿੱਤੇ ਗਏ ਹਨ। ਜਿਨ੍ਹਾਂ ਦੀ ਪਹਿਚਾਣ ਨਜ਼ਦੀਕੀ ਸੰਪਰਕਾਂ ਵਜੋਂ ਕੀਤੀ ਗਈ ਹੈ, ਉਨ੍ਹਾਂ ਨੂੰ 21 ਦਿਨਾਂ ਦੀ ਲਾਜ਼ਮੀ ਅਲੱਗ-ਥਲੱਗ ਮਿਆਦ ਵਿੱਚੋਂ ਗੁਜ਼ਰਨਾ ਪਵੇਗਾ, ਮ੍ਰਿਤਕ ਦੇ ਨਾਲ ਆਖਰੀ ਸੰਪਰਕ ਤੋਂ ਬਾਅਦ 21 ਦਿਨਾਂ ਤੱਕ ਸਖ਼ਤ ਨਿਗਰਾਨੀ ਜਾਰੀ ਰਹੇਗੀ।