ਲੁਧਿਆਣਾ : ਚੰਡੀਗੜ੍ਹ ਰੋਡ ‘ਤੇ ਧਨਾਨਸੂ ਇਲਾਕੇ ਵਿਚ ਸਾਈਕਲ ਵੈਲੀ ਰੋਡ ‘ਤੇ ਗਸ਼ਤ ਕਰ ਰਹੀ ਪੁਲਸ ਦੀ ਗੈਂਗਸਟਰ ਦੇ ਨਾਲ ਕ੍ਰਾਸ ਫ਼ਾਇਰਿੰਗ ਹੋ ਗਈ। ਗੈਂਗਸਟਰ ਨੂੰ ਫ਼ਾਇਰਿੰਗ ਮਗਰੋਂ ਜਦੋਂ ਪੁਲਸ ਨੇ ਆਪਣੇ ਬਚਾਅ ਲਈ ਗੋਲ਼ੀ ਚਲਾਈ ਤਾਂ ਗੈਂਗਸਟਰ ਦੇ ਪੱਟ ਵਿਚ ਜਾ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਏ। ਉਸ ਨੂੰ ਕਾਬੂ ਕਰ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
ਮੌਕੇ ‘ਤੇ ਮੌਜੂਦ ADCP ਅਮਨਦੀਪ ਸਿੰਘ ਬਰਾੜ ਨੇ ਗੈਂਗਸਟਰ ਦੀ ਪਛਾਣ ਗੁਲਾਬ ਸਿੰਘ ਸ਼ਾਹਕੋਟ ਵਜੋਂ ਕੀਤੀ ਹੈ। ADCP ਨੇ ਦੱਸਿਆ ਕਿ CIA 1 ਤੇ CIA 2 ਦੀਆਂ ਟੀਮਾਂ ਇਲਾਕੇ ਵਿਚ ਗਸ਼ਤ ਦੌਰਾਨ ਚੈਕਿੰਗ ਕਰ ਰਹੀਆਂ ਸਨ ਤਾਂ ਉਕਤ ਮੁਲਜ਼ਮ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਪੁਲਸ ਟੀਮ ਨੇ ਚੈਕਿੰਗ ਲਈ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਅਚਾਨਕ ਫ਼ਾਇਰਿੰਗ ਕਰ ਦਿੱਤੀ। ਉਸ ਨੂੰ ਰੋਕਣ ਲਈ ਪੁਲਸ ਵੱਲੋਂ ਹਵਾਈ ਫ਼ਾਇਰਿੰਗ ਵੀ ਕੀਤੀ। ਪਰ ਉਕਤ ਮੁਲਜ਼ਮ ਨੇ ਫ਼ਿਰ ਫ਼ਾਇਰ ਕਰ ਦਿੱਤਾ।
ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਮੁਲਜ਼ਮ ਨੇ ਸ਼ਾਹਕੋਟ ਇਲਾਕੇ ਤੋਂ ਇਕ ਵਿਅਕਤੀ ਨੂੰ ਕਿਡਨੈਪ ਕੀਤਾ ਸੀ, ਜਿਸ ਮਾਮਲੇ ਵਿਚ ਮੁਲਜ਼ਮ ਪੁਲਸ ਨੂੰ ਲੋੜੀਂਦਾ ਹੈ ਤੇ ਮੁਲਜ਼ਮ ਲੁਧਿਆਣਆ ਵਿਚ ਵੀ ਦਰਜ ਕਈ ਮਾਮਲਿਆਂ ਵਿਚ ਲੋੜੀਂਦਾ ਹੈ। ਉਸ ਨੂੰ ਲੈ ਕੇ ਪੁਲਸ ਵੱਲੋਂ ਜਾਂਚ ਕਰ ਕੇ ਪਤਾ ਲਗਾਇਆ ਜਾਵੇਗਾ। ਮੁਲਜ਼ਮ ਦੇ ਖ਼ਿਲਾਫ਼ ਥਾਣਾ ਕੂਮਕਲਾਂ ਵਿਚ ਆਰਮਜ਼ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਤੋਂ ਨਾਜਾਇਜ਼ ਪਿਸਤੌਲ ਤੇ ਮੋਟਰਸਾਈਕਲ ਵੀ ਬਰਾਮਦ ਕਰ ਕੇ ਕਬਜ਼ੇ ਵਿਚ ਲਿਆ ਗਿਆ ਹੈ।