ਤਰਨਤਾਰਨ -ਪਹਾੜੀ ਇਲਾਕਿਆਂ ’ਚ ਫਿਰ ਤੋਂ ਹੋਈ ਬਰਸਾਤ ਅਤੇ ਮੌਸਮ ਦੇ ਬਦਲਾਓ ਦੇ ਚੱਲਦਿਆਂ ਜਿੱਥੇ ਪੌਂਗ ਡੈਮ ਵੱਲੋਂ ਛੱਡੇ ਗਏ ਪਾਣੀ ਦੇ ਚੱਲਦਿਆਂ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਕਿਸਾਨਾਂ ਦੀ ਨੀਂਦ ਇਕ ਵਾਰ ਫਿਰ ਤੋਂ ਉੱਡ ਗਈ ਹੈ। ਸ਼ਨੀਵਾਰ ਦੇਰ ਰਾਤ ਬਿਆਸ ਦਰਿਆ ’ਚ ਅਪ ਸਟਰੀਮ ਲਈ ਜਿੱਥੇ 81 ਹਜ਼ਾਰ ਕਿਊਸਿਕ ਪਾਣੀ ਪੁੱਜਾ ਹੈ, ਉਥੇ ਹੀ ਡਾਊਨ ਸਟਰੀਮ ਲਈ 61 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਬੀਤੇ ਕਈ ਦਿਨਾਂ ਤੋਂ ਪਾਣੀ ਦਾ ਪੱਧਰ ਹੇਠਾਂ ਜਾਣ ਦੇ ਚੱਲਦਿਆਂ ਆਪਣੀ ਪੈਲੀ ਨੂੰ ਉਪਜਾਊ ਬਣਾਉਣ ਲਈ ਜਿੱਥੇ ਵੱਡੀਆਂ ਮਸ਼ੀਨਾਂ ਦੀ ਮਦਦ ਨਾਲ ਪੰਜ ਤੋਂ ਅੱਠ ਫੁੱਟ ਤੱਕ ਚੜੀ ਰੇਤ ਨੂੰ ਹਟਾਏ ਜਾਣ ਦਾ ਕੰਮ ਕੀਤਾ ਜਾ ਰਿਹਾ ਸੀ, ਉਥੇ ਹੀ ਬੀਤੀ ਰਾਤ ਪਾਣੀ ਦਾ ਬਹਾਵ ਤੇਜ਼ ਹੋਣ ਕਰਕੇ ਉਨ੍ਹਾਂ ਦੀ ਮਿਹਨਤ ਉਪਰ ਫਿਰ ਤੋਂ ਪਾਣੀ ਫਿਰ ਗਿਆ ਹੈ ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਹਾੜੀ ਇਲਾਕਿਆਂ ’ਚ ਫਿਰ ਤੋਂ ਹੋਈ ਬਰਸਾਤ ਅਤੇ ਮੌਸਮ ਦੀ ਤਬਦੀਲੀ ਦੇ ਚੱਲਦਿਆਂ ਜਿੱਥੇ ਪੌਂਗ ਡੈਮ ਵੱਲੋਂ ਵੱਡੇ ਪੱਧਰ ਉਪਰ ਪਾਣੀ ਨੂੰ ਪੰਜਾਬ ਅਤੇ ਹੋਰ ਇਲਾਕਿਆਂ ਵਿਚ ਬੀਤੀ ਰਾਤ ਤੋਂ ਛੱਡਿਆ ਜਾ ਰਿਹਾ ਹੈ, ਉਸੇ ਤਹਿਤ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਇਕ ਵਾਰ ਫਿਰ ਤੋਂ ਵਧਦਾ ਨਜ਼ਰ ਆ ਰਿਹਾ ਹੈ। ਜਿੱਥੇ ਕਿਸਾਨਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ, ਉਥੇ ਹੀ ਉਨ੍ਹਾਂ ਦੀ ਮਿਹਨਤ ਉਪਰ ਪਾਣੀ ਫੇਰ ਕੇ ਰੱਖ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਮੰਡ ਇਲਾਕੇ ਵਿਚ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਦੇ ਲੋਕ ਜਿੱਥੇ ਹੜ੍ਹ ਦੇ ਚੱਲਦਿਆਂ ਕਾਫੀ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਚੁੱਕੀਆਂ ਹਨ।

