ਲੁਧਿਆਣਾ- ਬਸਤੀ ਜੋਧੇਵਾਲ ਦੇ ਕੈਲਾਸ਼ ਨਗਰ ਇਲਾਕੇ ’ਚ ਵਿਆਹ ਦੇ ਪ੍ਰੋਗਰਾਮ ਦੌਰਾਨ ਡੈਕੋਰੇਸ਼ਨ ਦਾ ਕੰਮ ਕਰ ਰਹੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਦਰਦਨਾਕ ਖ਼ਬਰ ਪ੍ਰਾਪਤ ਹੋਈ ਹੈ।
ਦੇਖਣ ਵਾਲਿਆਂ ਮੁਤਾਬਕ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਬਿਜਲੀ ਦੇ ਖੰਬੇ ’ਤੇ ਚੜ੍ਹ ਕੇ ਬਿਜਲੀ ਦੀਆਂ ਲੜੀਆਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਮ੍ਰਿਤਕ ਬਿਜਲੀ ਦੀ 11 ਕੇ.ਵੀ. ਲਾਈਨਾਂ ਦੀ ਲਪੇਟ ਵਿਚ ਆ ਗਿਆ, ਜਿਸ ਕਾਰਨ ਉਕਤ ਜਾਨਲੇਵਾ ਹਾਦਸਾ ਵਾਪਰਿਆ।ਟੈਂਟ ਹਾਊਸ ਤੇ ਡੀ.ਜੇ. ਸੰਚਾਲਕ ਰਿਸ਼ੀ ਕੁਮਾਰ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 8 ਵਜੇ ਹੋਇਆ ਸੀ। ਉਨ੍ਹਾਂ ਦੱਸਿਆ ਕਿ 19 ਸਾਲਾ ਨੇਪਾਲੀ ਨੀਰਜ ਕੁਮਾਰ ਵਿਆਹ ਦੇ ਪ੍ਰੋਗਰਾਮ ’ਚ ਟੈਂਟ ਅਤੇ ਡੈਕੋਰੇਸ਼ਨ ਲਗਾਉਣ ਦਾ ਕੰਮ ਕਰ ਰਿਹਾ ਸੀ।
ਇਲਾਕੇ ’ਚ ਚਰਚਾ ਹੈ ਕਿ ਨੌਜਵਾਨ ਵਲੋਂ ਬਿਜਲੀ ਦੇ ਟਰਾਂਸਫਾਰਮਰ ’ਤੇ ਕਥਿਤ ਤੌਰ ’ਤੇ ਸਿੱਧੀ ਕੁੰਡੀ ਪਾਈ ਜਾ ਰਹੀ ਸੀ, ਜਿਸ ਕਾਰਨ ਇਹ ਦਰਦਨਾਕ ਹਾਦਸਾ ਹੋਇਆ ਹੈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੇ ਰਿਸ਼ੀ ਕੁਮਾਰ ਤੇ ਹੋਰ ਲੋਕਾਂ ਨੇ ਪੀੜਤ ਨੀਰਜ ਕੁਮਾਰ ਨੂੰ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ, ਜਿਥੇ ਉਸ ਦੀ ਮੌਤ ਹੋ ਗਈ ਹੈ