ਵਾਸ਼ਿੰਗਟਨ ਅਮਰੀਕੀ ਊਰਜਾ ਮੰਤਰੀ ਕ੍ਰਿਸ ਰਾਈਟ ਨੇ ਭਾਰਤ ਨੂੰ ਰੂਸ ਤੋਂ ਕੱਚਾ ਤੇਲ ਖਰੀਦਣ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਨਿਊਯਾਰਕ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਰਾਈਟ ਨੇ ਕਿਹਾ, ‘ਤੁਸੀਂ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਤੇਲ ਖਰੀਦ ਸਕਦੇ ਹੋ ਪਰ ਰੂਸ ਤੋਂ ਨਹੀਂ। ਅਮਰੀਕਾ ਵੀ ਤੇਲ ਵੇਚਦਾ ਹੈ ਅਤੇ ਹੋਰ ਦੇਸ਼ ਵੀ। ਅਸੀਂ ਭਾਰਤ ਨੂੰ ਸਜ਼ਾ ਨਹੀਂ ਦੇਣਾ ਚਾਹੁੰਦੇ, ਸਗੋਂ ਜੰਗ ਨੂੰ ਖਤਮ ਕਰਨਾ ਅਤੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ।’
ਰਾਈਟ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਉਸ ਨਾਲ ਮਿਲ ਕੇ ਕੰਮ ਕਰੇ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਚਾਹੁੰਦੇ ਹਨ ਕਿ ਇਹ ਜੰਗ ਜਲਦੀ ਖਤਮ ਹੋਵੇ। ਉਨ੍ਹਾਂ ਕਿਹਾ ਕਿ ਭਾਰਤ ਨਾਲ ਊਰਜਾ ਅਤੇ ਵਪਾਰਕ ਸਹਿਯੋਗ ਦਾ ਭਵਿੱਖ ਬਹੁਤ ਉੱਜਵਲ ਹੈ ਪਰ ਸਾਨੂੰ ਇਸ ਜੰਗ ਨੂੰ ਰੋਕਣ ਲਈ ਮਿਲ ਕੇ ਅਜਿਹਾ ਰਸਤਾ ਲੱਭਣਾ ਚਾਹੀਦਾ ਹੈ, ਜਿਸ ਨਾਲ ਰੂਸ ’ਤੇ ਦਬਾਅ ਪਾਇਆ ਜਾ ਸਕੇ । ਰਾਈਟ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ ਅਤੇ ਭਵਿੱਖ ’ਚ ਸਹਿਯੋਗ ’ਤੇ ਚਰਚਾ ਸ਼ੁਰੂ ਕੀਤੀ ਹੈ।

