ਗੁਰਦਾਸਪੁਰ – ਬੀਤੇ ਦਿਨ ਕਸ਼ਮੀਰ ਘਾਟੀ ਦੇ ਜ਼ਿਲ੍ਹਾ ਗੰਦਰਬਲ ਵਿਚ ਲੰਘੀ ਸ਼ਾਮ ਅੱਤਵਾਦੀਆਂ ਦੇ ਹਮਲੇ ‘ਚ ਗੁਰਦਾਸਪੁਰ ਦੇ ਗੁਰਮੀਤ ਸਿੰਘ ਦੀ ਮੌਤ ਹੋ ਗਈ ਸੀ। ਅੱਜ ਗੁਰਮੀਤ ਸਿੰਘ ਦਾ ਸਰੀਰ ਪਿੰਡ ਸੱਖੋਵਾਲ ਪਹੁੰਚਿਆ ਜਿਥੇ ਪਿੰਡ ਦੇ ਸਮਸ਼ਾਨ ਘਾਟ ਵਿਖੇ ਸੰਸਾਰਿਕ ਰੀਤੀ ਰਿਵਾਜਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਸਮੇਤ ਪੂਰੇ ਪਿੰਡ ਦੇ ਲੋਕ ਸ਼ਾਮਲ ਰਹੇ। ਇਸ ਮੌਕੇ ਗੁਰਮੀਤ ਸਿੰਘ ਦੇ ਦੋਸਤ ਨੇ ਸਾਰੀ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਹ ਸਾਰੇ ਮੇਸ ਵਿੱਚ ਰੋਟੀ ਖਾ ਰਹੇ ਸੀ ਅਤੇ ਗੁਰਮੀਤ ਸਿੰਘ ਬਾਹਰ ਖੜ੍ਹਾ ਆਪਣੀ ਪਤਨੀ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ ਕਿ ਅਚਾਨਕ ਆਵਾਜ਼ ਆਉਣੀ ਸ਼ੁਰੂ ਹੋ ਗਈ, ਜਿਸ ਦੇ ਉਸ ਨੇ ਸਮਝਿਆ ਕਿ ਪਟਾਕੇ ਚੱਲ ਰਹੇ ਹਨ ਪਰ ਉਹ ਅਤਵਾਦੀ ਹਮਲਾ ਸੀ ਜੋ ਸਾਡੇ ‘ਤੇ ਹੋਇਆ ਸੀ। ਇਸੇ ਹਮਲੇ ‘ਚ ਗੁਰਮੀਤ ਸਿੰਘ ਨੂੰ ਗੋਲੀਆਂ ਲੱਗ ਗਈਆਂ ਅਤੇ ਮੌਕੇ ‘ਤੇ ਉਸ ਦੀ ਮੌਤ ਹੋ ਗਈ।
ਗੁਰਮੀਤ ਸਿੰਘ ਪਿੰਡ ਸੱਖੋਵਾਲ ਦਾ ਰਹਿਣ ਵਾਲਾ ਸੀ। ਉਨ੍ਹਾਂ ਦੇ ਪਿਤਾ ਧਰਮ ਸਿੰਘ ਫ਼ੌਜ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ। ਮ੍ਰਿਤਕ ਗੁਰਮੀਤ ਸਿੰਘ (38) ਆਪਣੇ ਪਿੱਛੇ ਮਾਂ-ਬਾਪ ਤੋਂ ਇਲਾਵਾ ਪਤਨੀ ਅਤੇ ਦੋ ਧੀਆਂ ਸਮੇਤ ਇਕ ਪੁੱਤ ਨੂੰ ਛੱਡ ਗਏ ਹਨ। ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਗੁਰਮੀਤ ਦੀ ਪਤਨੀ ਡੂੰਘੇ ਸਦਮੇ ‘ਚ ਹੈ।