ਭੋਪਾਲ- ਮੱਧ ਪ੍ਰਦੇਸ਼ ਵਿਚ ਮੰਤਰੀ ਵਿਜੇ ਸ਼ਾਹ ਤੋਂ ਬਾਅਦ ਹੁਣ ਉੱਪ ਮੁੱਖ ਮੰਤਰੀ ਜਗਦੀਸ਼ ਦੇਵੜਾ ਨੇ ‘ਆਪਰੇਸ਼ਨ ਸਿੰਦੂਰ’ ’ਤੇ ਵਿਵਾਦਪੂਰਨ ਬਿਆਨ ਦਿੱਤਾ ਹੈ। ਦੇਵੜਾ ਨੇ ਸ਼ੁੱਕਰਵਾਰ ਨੂੰ ਜਬਲਪੁਰ ਵਿਚ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਪੂਰਾ ਦੇਸ਼, ਦੇਸ਼ ਦੀ ਉਹ ਫੌਜ, ਉਹ ਫੌਜੀ… ਉਨ੍ਹਾਂ ਦੇ ਚਰਨਾਂ ’ਚ ਨਤਮਸਤਕ ਹਨ। ਉਹ ਇਥੇ ਸਿਵਲ ਡਿਫੈਂਸ ਵਲੰਟੀਅਰਸ ਦੇ ਸਿਖਲਾਈ ਪ੍ਰੋਗਰਾਮ ਵਿਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਬਿਆਨ ਨੂੰ ਕਾਂਗਰਸ ਨੇ ਫੌਜ ਦੀ ਬਹਾਦਰੀ ਦਾ ਅਪਮਾਨ ਦੱਸਿਆ। ਦੂਜੇ ਪਾਸੇ, ਭਾਜਪਾ ਨੇ ਕਿਹਾ ਕਿ ਕਾਂਗਰਸ ਦੇਵੜਾ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ। ਵਿਵਾਦ ਵਧਣ ਤੋਂ ਬਾਅਦ ਡਿਪਟੀ ਸੀ. ਐੱਮ. ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।