ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਸਰਕਾਰ ਮੁੜ ਲੋਕ ਭਲਾਈ ਦੇ ਕੰਮਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰਨ ’ਚ ਜੁਟ ਗਈ ਹੈ। ਸੂਬੇ ’ਚ ਔਰਤਾਂ ਦੇ ਹੱਕਾਂ ਦੀ ਖ਼ਾਤਰ ਆਮ ਆਦਮੀ ਪਾਰਟੀ ਵਚੱਨਬੱਧ ਹੈ। ਇਸੇ ਟੀਚੇ ਨਾਲ ਪੰਜਾਬ ਰਾਜ ਮਹਿਲਾ ਕਮਿਸ਼ਨ ਔਰਤਾਂ ਦੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਜ਼ੋਰਦਾਰ ਢੰਗ ਨਾਲ ਕੰਮ ਕਰ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਕੀਤਾ ਗਿਆ।
ਰਾਜ ਲਾਲੀ ਗਿੱਲ ਨੇ ਕਿਹਾ ਕਿ ਮਹਿਲਾ ਕਮਿਸ਼ਨ ਦਾ ਉਦੇਸ਼ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨਾ, ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰਨਾ ਹੈ ਤਾਂ ਜੋ ਬਿਹਤਰ ਸਮਾਜ ਸਿਰਜਿਆ ਜਾ ਸਕੇ। ਰਾਜ ਲਾਲੀ ਗਿੱਲ ਨੇ ਮਹਿਲਾ ਕਮਿਸ਼ਨ ਦੇ ਸਮਾਜ ਪ੍ਰਤੀ ਕੰਮਾਂ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਕਮਿਸ਼ਨ ਦਾ ਮੁੱਖ ਉਦੇਸ਼ ਔਰਤਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਵੱਧ ਤੋਂ ਵੱਧ ਹੱਲ ਕਰਨਾ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣਾ ਹੈ। ਕਮਿਸ਼ਨ ਅਜਿਹਾ ਮਾਹੌਲ ਸਿਰਜਣ ਦੀ ਵੀ ਕੋਸ਼ਿਸ਼ ਕਰਦਾ ਹੈ ਜਿੱਥੇ ਔਰਤਾਂ ਤਰੱਕੀ ਕਰ ਸਕਣ ਅਤੇ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾ ਸਕਣ।
ਇਸ ਦੇ ਨਾਲ ਹੀ ਚੇਅਰਪਰਸਨ ਨੇ ਔਰਤਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਸੂਬੇ ਦੀ ਕਿਸੇ ਵੀ ਔਰਤ ਨੂੰ ਕੋਈ ਸਮੱਸਿਆ ਆ ਰਹੀ ਹੈ ਜਿਵੇ ਕਿ ਘਰੇਲੂ ਹਿੰਸਾ, ਜਿਨਸੀ ਸ਼ੋਸ਼ਣ ਜਾਂ ਸ਼ੋਸ਼ਣ ਆਦਿ, ਤਾਂ ਉਹ ਆਪਣੀ ਸਮੱਸਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਨਾਲ ਸਾਂਝੀ ਕਰ ਸਕਦੀ ਹੈ। ਅਸੀਂ ਪੀੜਤ ਔਰਤ ਦਾ ਹੱਕ ਜਲਦੀ ਤੋਂ ਜਲਦੀ ਉਸਦੀ ਝੋਲੀ ’ਚ ਪਾਉਣ ਲਈ ਕੋਸ਼ਿਸ਼ ਕਰਾਂਗੇ।