ਇੰਟਰਨੈਸ਼ਨਲ – ਕੈਨੇਡਾ ਤੋਂ ਇਕ ਸਨਸਨੀਖੇਜ਼ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਇਕ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ‘ਚ ਪੁਲਸ ਨੇ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਸਵੇਰੇ ਓਟਾਵਾ ਦੇ ਨੇੜੇ ਰੌਕਲੈਂਡ ‘ਚ ਵਾਪਰੀ। ਇਸ ਮਾਮਲੇ ਦੀ ਹੋਰ ਜਾਣਕਾਰੀ ਲਈ ਜਾਂਚ ਕੀਤੀ ਜਾ ਰਹੀ ਹੈ ਤੇ ਭਾਰਤੀ ਹਾਈ ਕਮਿਸ਼ਨ ਨੇ ਮ੍ਰਿਤਕ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ ਹੈ। ਹਾਲਾਂਕਿ ਮ੍ਰਿਤਕ ਦੀ ਪਛਾਣ ਤੇ ਕਤਲ ਕਿਸ ਕਾਰਨ ਕੀਤਾ ਗਿਆ ਹੈ, ਇਸ ਬਾਰੇ ਹਾਲੇ ਪੁਲਸ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ।
‘ਐਕਸ’ ‘ਤੇ ਇਕ ਪੋਸਟ ਰਾਹੀਂ ਭਾਰਤੀ ਹਾਈ ਕਮਿਸ਼ਨ ਨੇ ਕਿਹਾ, ”ਓਟਾਵਾ ਦੇ ਰੌਕਲੈਂਡ ਨੇੜੇ ਭਾਰਤੀ ਨਾਗਰਿਕ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਤੋਂ ਬੇਹੱਦ ਦੁਖੀ ਹੋਏ ਹਾਂ। ਪੁਲਸ ਨੇ ਇਸ ਮਾਮਲੇ ‘ਚ ਇਕ ਸ਼ੱਕੀ ਨੂੰ ਕਾਬੂ ਕਰ ਲਿਆ ਹੈ ਤੇ ਅਸੀਂ ਅਗਲੇਰੀ ਜਾਂਚ ਲਈ ਵੀ ਅਧਿਕਾਰੀਆਂ ਨਾਲ ਸੰਪਰਕ ‘ਚ ਹਾਂ। ਅਸੀਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਹਰ ਸੰਭਵ ਮਦਦ ਲਈ ਤਿਆਰ ਹਾਂ।”