ਗੁਰਦਾਸਪੁਰ: ਸ਼ਹਿਰ ਦੇ ਗਾਂਧੀ ਸਕੂਲ ਵਾਲੀ ਰੇਲਵੇ ਰੋਡ ’ਤੇ ਮੋਟਰਸਾਈਕਲ ਉੱਪਰ ਜਾ ਰਹੇ ਇਕ ਨੌਜਵਾਨ ਦਾ ਗਲਾ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਕੱਟਿਆ ਗਿਆ। ਇਸ ਦੌਰਾਨ ਨੌਜਵਾਨ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਡਾਕਟਰ ਆਰ. ਪੀ. ਅਰੋੜਾ ਨੇ ਦੱਸਿਆ ਕਿ ਉਕਤ ਨੌਜਵਾਨ ਨਰਿੰਦਰ ਸ਼ਰਮਾ ਮੋਟਰਸਾਈਕਲ ’ਤੇ ਜਾ ਰਿਹਾ ਸੀ ਅਤੇ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ ਉਸ ਦੇ ਗਲੇ ’ਤੇ ਬਹੁਤ ਡੂੰਘਾ ਕੱਟ ਲੱਗ ਗਿਆ।ਉਨ੍ਹਾਂ ਕਿਹਾ ਕਿ ਜੇਕਰ ਥੋੜ੍ਹਾ ਜਿਹਾ ਕੱਟ ਹੋਰ ਜ਼ਿਆਦਾ ਲੱਗਦਾ ਤਾਂ ਨੌਜਵਾਨ ਦੀ ਸਾਹ ਵਾਲੀ ਰਾਗ ਵੀ ਵੱਢੀ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਕਰੀਬ 12 ਟਾਂਕੇ ਲਗਾ ਕੇ ਨੌਜਵਾਨ ਦੀ ਜਾਨ ਬਚਾ ਲਈ ਗਈ ਹੈ, ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਖਾਸ ਤੌਰ ’ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਨਾ ਕਰਨ। ਇਸ ਦੇ ਨਾਲ ਹੀ ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਵਿਕਰੀ ਨੂੰ ਤੁਰੰਤ ਬੰਦ ਕਰ ਦੇਣ ਕਿਉਂਕਿ ਇਹ ਮਨੁੱਖਾਂ ਅਤੇ ਪੰਛੀਆਂ ਲਈ ਜਾਨਲੇਵਾ ਸਿੱਧ ਹੁੰਦੀ ਹੈ।