ਨੈਸ਼ਨਲ ਡੈਸਕ- ਬੀਤੇ ਲੰਬੇ ਸਮੇਂ ਤੋਂ ਮਹਾਦੇਵ ਬੈਟਿੰਗ ਐਪ ਦਾ ਮਾਮਲਾ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ‘ਚ ਕਈ ਵੱਡੇ ਅਦਾਕਾਰਾਂ ਦੇ ਨਾਂ ਵੀ ਸ਼ਾਮਲ ਦੱਸੇ ਜਾ ਰਹੇ ਹਨ, ਜਿਸ ਮਗਰੋਂ ਈ.ਡੀ. ਵੱਲੋਂ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਕੇ ਜਾਣਕਾਰੀ ਜੁਟਾਈ ਜਾ ਰਹੀ ਹੈ। ਇਸੇ ਦੌਰਾਨ ਇਸ ਮਾਮਲੇ ‘ਚ ਈ.ਡੀ. ਨੇ ਜੈਪੁਰ ਦੇ ਇੱਕ ਅਲਿਸ਼ਾਨ 5-ਸਟਾਰ ਹੋਟਲ ‘ਚ ਰੇਡ ਮਾਰ ਦਿੱਤੀ, ਜਿਸ ਦੀ ਜਾਣਕਾਰੀ ਮਿਲਦਿਆਂ ਹੀ ਲਾੜਾ ਫੇਰਿਆਂ ਤੋਂ ਐਨ ਪਹਿਲਾਂ ਫਰਾਰ ਹੋ ਗਿਆ।
ਦਰਅਸਲ ਇਹ ਲਾੜਾ ਸੌਰਭ ਅਹੂਜਾ ਸੀ, ਜਿਸ ਦਾ ਨਾਂ ਮਹਾਦੇਵ ਬੈਟਿੰਗ ਐਪ ਘੋਟਾਲੇ ਵਿੱਚ ਮੁੱਖ ਦੋਸ਼ੀ ਵਜੋਂ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਉਸ ਦੇ ਵਿਆਹ ਮੌਕੇ ਛਾਪਾ ਮਾਰਨਾ ਸੀ, ਪਰ ਉਹ ਕਾਰਵਾਈ ਤੋਂ ਠੀਕ ਪਹਿਲਾਂ ਹੀ ਫਰਾਰ ਹੋ ਗਿਆ।
ਇਹ ਘਟਨਾ 2 ਜੁਲਾਈ ਨੂੰ ਜੈਪੁਰ ਦੇ ਮਸ਼ਹੂਰ ਫੇਅਰਮੌਂਟ ਹੋਟਲ ਵਿੱਚ ਵਾਪਰੀ, ਜਿੱਥੇ ਸੌਰਭ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਤੇ ਲਾੜਾ ਫੇਰੇ ਲੈਣ ਲਈ ਤਿਆਰ ਸੀ, ਪਰ ਜਿਵੇਂ ਹੀ ਉਸ ਨੂੰ ED ਦੀ ਰੇਡ ਦਾ ਪਤਾ ਲੱਗਾ ਤਾਂ ਉਹ ਇੱਕ ਐਮਰਜੈਂਸੀ ਕਾਲ ਦਾ ਬਹਾਨਾ ਬਣਾਕੇ ਮੰਡਪ ਤੋਂ ਉੱਠ ਕੇ ਬਾਹਰ ਨਿਕਲ ਆਇਆ ਤੇ ਮਗਰੋਂ ਫਰਾਰ ਹੋ ਗਿਆ। ED ਦੀ ਟੀਮ ਨੇ ਹੋਟਲ ‘ਚ ਵੜ ਕੇ ਜਾਂਚ ਸ਼ੁਰੂ ਕਰ ਦਿੱਤੀ, ਪਰ ਸੌਰਭ ਤਕ ਪੁੱਜਣ ਤੋਂ ਪਹਿਲਾਂ ਹੀ ਉਹ ਫਰਾਰ ਹੋ ਚੁੱਕਾ ਸੀ।