ਸ੍ਰੀ ਮੁਕਤਸਰ ਸਾਹਿਬ : ਪੰਜਾਬ ਵਿਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿਚ ਸਭ ਤੋਂ ਹੌਟ ਸੀਟ ਬਣੀ ਗਿੱਦੜਬਾਹਾ ਵਿਚ ਸਿਆਸਤ ਦੇ ਸਮੀਕਰਣ ਰੋਜ਼ਾਨਾ ਬਦਲ ਰਹੇ ਹਨ। ਇਥੇ ਅੱਜ ਇਕ ਨਵਾਂ ਮੋੜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਬਰਾੜ ਨੇ ਪ੍ਰੈੱਸ ਕਾਨਫਰੰਸ ਕਰਕੇ ਚੋਣ ਨਾ ਲੜਨ ਦਾ ਐਲਾਨ ਕੀਤਾ। ਜਗਮੀਤ ਬਰਾੜ ਨੇ ਕਿਹਾ ਕਿ ਉਨ੍ਹਾਂ ਇਹ ਫ਼ੈਸਲਾ ਆਪਣੀ ਸਲਾਹਕਾਰ ਕਮੇਟੀ ਨਾਲ਼ ਮਸ਼ਵਰਾ ਕਰਨ ਤੋਂ ਬਾਅਦ ਲਿਆ ਹੈ । ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਤੋਂ ਨਜ਼ਰਾਂ ਗਿੱਦੜਬਾਹਾ ਜ਼ਿਮਨੀ ਚੋਣ ‘ਤੇ ਟਿਕੀਆਂ ਹੋਈਆਂ ਹਨ। ਇਥੇ ਆਮ ਆਦਮੀ ਪਾਰਟੀ ਵਲੋਂ ਹਰਦੀਪ ਸਿੰਘ ਢਿੱਲੋਂ, ਕਾਂਗਰਸ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਅਤੇ ਭਾਜਪਾ ਵਲੋਂ ਮਨਪ੍ਰੀਤ ਬਾਦਲ ਦੀ ਸਿੱਧੇ ਤੌਰ ‘ਤੇ ਟੱਕਰ ਦੱਸੀ ਜਾ ਰਹੀ ਹੈ। ਕੁਲ 15 ਉਮੀਦਵਾਰ ਚੋਣ ਮੈਦਾਨ ਵਿਚ ਸਨ। ਬਰਾੜ ਨੇ ਕਿਹਾ ਕਿ ਫਿਲਹਾਲ ਉਹ ਅਜੇ ਕਿਸੇ ਵੀ ਪਾਰਟੀ ਵਿਚ ਨਹੀਂ ਜਾ ਰਹੇ ਹਨ।