ਸ਼੍ਰੀਨਗਰ : ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਅੱਤਵਾਦ ਖ਼ਿਲਾਫ਼ ਫ਼ੈਸਲਾਕੁੰਨ ਕਾਰਵਾਈ ਕਰਦਿਆਂ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 9 ਅੱਤਵਾਦੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਗਏ। ਇਸ ਦੌਰਾਨ ਭਾਰਤ ਨੇ ਕਿਸੇ ਵੀ ਫ਼ੌਜੀ ਜਾਂ ਆਮ ਨਾਗਰਿਕਾਂ ਦੇ ਟਿਕਾਣੇ ਨੂੰ ਨੁਕਸਾਨ ਨਹੀਂ ਪਹੁੰਚਾਇਆ, ਜਿਸ ਤੋਂ ਸਾਫ਼ ਹੈ ਕਿ ਭਾਰਤ ਦੀ ਲੜਾਈ ਸਿਰਫ਼ ਅੱਤਵਾਦ ਨਾਲ ਹੈ ਤੇ ਉਹ ਜੰਗ ਨਹੀਂ ਚਾਹੁੰਦਾ।
ਦੂਜੇ ਪਾਸੇ ਪਾਕਿਸਤਾਨੀ ਫ਼ੌਜੀਆਂ ਨੇ ਬੁੱਧਵਾਰ ਦੇਰ ਰਾਤ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿਚ LoC ‘ਤੇ ਗੋਲ਼ੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਅੱਧੀ ਰਾਤ ਤੋਂ ਬਾਅਦ ਕਰਨਾਹ ਖੇਤਰ ਵਿਚ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਗੋਲ਼ੇ ਤੇ ਮੋਰਟਾਰ ਦਾਗੇ ਗਏ। ਬਿਨਾ ਉਕਸਾਵੇ ਦੇ ਕੀਤੀ ਗਈ ਇਸ ਗੋਲ਼ੀਬਾਰੀ ਦਾ ਭਾਰਤੀ ਫ਼ੌਜ ਨੇ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਦਿੱਤਾ।
ਅਜੇ ਤਕ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਭਾਰਤ ਦੇ ‘ਆਪ੍ਰੇਸ਼ਨ ਸਿੰਦੂਰ’ ਮਗਰੋਂ ਪਾਕਿਸਤਾਨੀ ਫ਼ੌਜ ਨੇ ਗੋਲ਼ੀਬਾਰੀ ਸ਼ੁਰੂ ਕੀਤੇ ਜਾਣ ਕਾਰਨ ਬੁੱਧਵਾਰ ਨੂੰ ਕਰਨਾਹ ਵਿਚ ਜ਼ਿਆਦਾਤਰ ਨਾਗਰਿਕ ਸੁਰੱਖਿਅਤ ਇਲਾਕਿਆਂ ਵਿਚ ਚਲੇ ਗਏ।