ਠਾਣੇ- ਲੋਕਲ ਟਰੇਨ ਦੇ ਮਹਿਲਾ ਡੱਬੇ ‘ਚ ਇਕ ਮਹਿਲਾ ਯਾਤਰੀ ਦਾ ਮੋਬਾਈਲ ਫੋਨ ਫਟ ਗਿਆ, ਜਿਸ ਕਾਰਨ ਯਾਤਰੀਆਂ ਵਿਚ ਹਫੜਾ-ਦਫੜੀ ਮਚ ਗਈ। ਇਹ ਮਾਮਲਾ ਮਹਾਰਾਸ਼ਟਰ ਦੇ ਠਾਣੇ ਦਾ ਹੈ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਠਾਣੇ ਨਗਰ ਨਿਗਮ ਦੇ ਆਫ਼ਤ ਪ੍ਰਬੰਧਨ ਸੈੱਲ ਦੇ ਮੁਖੀ ਯਾਸੀਨ ਤਡਵੀ ਨੇ ਦੱਸਿਆ ਕਿ ਸੋਮਵਾਰ ਰਾਤ 8.12 ਵਜੇ ਕਲਵਾ ਸਟੇਸ਼ਨ ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ. ਐਸ. ਐਮ. ਟੀ)-ਕਲਿਆਣ ਉਪਨਗਰੀ ਟਰੇਨ ਵਿਚ ਇਕ ਮੋਬਾਈਲ ਫੋਨ ਫਟ ਗਿਆ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ।ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ. ਐਸ. ਐਮ. ਟੀ) ਦੀ ਰਿਪੋਰਟ ਮੁਤਾਬਕ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਹਾਲਾਂਕਿ ਘਟਨਾ ਮਗਰੋਂ ਟਰੇਨ ਵਿਚ ਹਫੜਾ-ਦਫੜੀ ਮਚ ਗਈ। ਨਾਲ ਹੀ ਵਿਸਫੋਟ ਕਾਰਨ ਧੂੰਆਂ ਫੈਲ ਗਿਆ ਸੀ, ਜਿਸ ਤੋਂ ਬਾਅਦ ਸਥਿਤੀ ‘ਤੇ ਕਾਬੂ ਪਾਉਣ ਲਈ ਰੇਲਵੇ ਕਰਮੀਆਂ ਨੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਕੀਤੀ। ਟਰੇਨ ‘ਚ ਸਵਾਰ ਇਕ ਚਸ਼ਮਦੀਦ ਨੇ ਦੱਸਿਆ ਕਿ ਘੱਟ ਤੀਬਰਤਾ ਵਾਲੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਨਾਲ ਡੱਬਾ ਧੂੰਏਂ ਨਾਲ ਭਰ ਗਿਆ, ਜਿਸ ਕਾਰਨ ਬਹੁਤ ਸਾਰੇ ਯਾਤਰੀ ਡੱਬੇ ਦੇ ਦਰਵਾਜ਼ੇ ਵੱਲ ਭੱਜੇ।