ਚੰਡੀਗੜ੍ਹ): ਪੰਜਾਬ ਪੁਲਸ ਨੇ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦਿਆਂ ਉੱਤਰ ਪ੍ਰਦੇਸ਼ ਪੁਲਸ ਦੇ ਨਾਲ ਸਾਂਝੀ ਮੁਹਿੰਮ ਵਿਚ ਲਖਨਊ ਤੋਂ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ DGP ਗੌਰਵ ਯਾਦਵ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
DGP ਗੌਰਵ ਯਾਦਵ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਪੰਜਾਬ ਵਿਚ ਸਨਸਨੀਖੇਜ਼ ਹੱਤਿਆਵਾਂ ਦੇ ਵੱਖ-ਵੱਖ ਮਾਮਲਿਆਂ ਵਿਚ ਲੋੜੀਂਦੇ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਵਿਕਰਮਜੀਤ ਉਰਫ਼ ਵਿੱਕੀ ਤਰਨਤਾਰਨ ਵਿਚ ਗੁਰਪ੍ਰੀਤ ਉਰਫ਼ ਗੋਪੀ ਮਹਿਲ ਕਤਲਕਾਂਡ ਦਾ ਮੁਲਜ਼ਮ ਹਾ, ਜੋ ਮਾਰਚ 2024 ਵਿਚ ਹੋਈ ਸੀ। ਦੂਜਾ ਮੁਲਜ਼ਮ ਪੰਜਾਬ ਸਿੰਘ, ਫਿਰੋਜ਼ਪੁਰ ਵਿਚ ਸਤੰਬਰ 2024 ਵਿਚ ਹੋਏ ਟ੍ਰਿਪਲ ਮਰਡਰ ਕੇਸ ਦਾ ਮੁੱਖ ਮੁਲਜ਼ਮ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਦਾ ਲੰਬਾ ਅਪਰਾਧਕ ਪਿਛੋਕੜ ਹੈ। ਉਨ੍ਹਾਂ ਦੇ ਖ਼ਿਲਾਫ਼ ਕਈ ਗੰਭੀਰ ਅਪਰਾਧ ਦਰਜ ਹਨ। ਇਹ ਦੋਵੇਂ ਵਿਦੇਸ਼ੀ ਗੈਂਗਸਟਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਸੂਬੇ ਵਿਚ ਸੰਗਠਿਤ ਅਪਰਾਧ ਨੈਟਵਰਕ ਨੂੰ ਢਹਿ-ਢੇਰੀ ਕਰਨ ਲਈ ਵਚਨਬੱਧ ਹੈ।