ਅੰਮ੍ਰਿਤਸਰ -ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਵਿਰਾਸਤੀ ਮਾਰਗ ‘ਤੇ ਆਏ ਦਿਨ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ। ਆਏ ਦਿਨ ਸ਼ਰਧਾਲੂਆਂ ਦੇ ਨਾਲ ਝਗੜੇ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਪਏ ਹਨ, ਪਰ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਕਾਰਵਾਈ ਨਹੀਂ ਕੀਤੀ ਜਾ ਰਹੀ। ਤਾਜ਼ਾ ਮਾਮਲੇ ਵਿਚ ਇਕ ਪਰਿਵਾਰ ਨਵਾਂ ਸ਼ਹਿਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਪੁੱਜਿਆ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਪਰਿਵਾਰ ਆਪਣੇ ਘਰ ਨੂੰ ਵਾਪਸ ਜਾਣ ਲੱਗਾ ਤਾਂ ਵਿਰਾਸਤੀ ਮਾਰਗ ਉੱਤੇ ਲੜ ਰਹੇ ਨੌਜਵਾਨਾਂ ਨੂੰ ਪਰਿਵਾਰ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਲਟਾ ਉਨ੍ਹਾਂ ਨੌਜਵਾਨਾਂ ਨੇ ਪਰਿਵਾਰ ਦੇ ਹੀ ਨੌਜਵਾਨ ਨੂੰ ਗੰਦੀਆਂ ਗਾਲ੍ਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਵਿਰਾਸਤੀ ਮਾਰਗ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ।