ਲੋਕ ਸਭਾ ਚੌਣਾਂ ਵਿਚਕਾਰ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਅੱਜ ਰੂਪਨਗਰ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਕਈ ਸਭਾਵਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਜਿੱਥੇ ਭਾਰੀ ਗਿਣਤੀ ਚ ਕਾਂਗਰਸੀ ਵਰਕਰ, ਸਿੰਗਲਾ ਦੇ ਸਮਰਥਕ ਉਨ੍ਹਾਂ ਦੇ ਪ੍ਰਤੀ ਇਕਜੁੱਟਤਾ ਦਿਖਾਉਣ ਲਈ ਇਕੱਠੇ ਹੋਏ ਉੱਥੇ ਹੀ ਇਸ ਮੁਹਿੰਮ ਵਿੱਚ ਹਰ ਵਰਗ ਨਾਲ ਸਬੰਧਤ ਲੋਕਾਂ ਨੇ ਭਾਗ ਲਿਆ। ਸਿੰਗਲਾ ਦੀ ਇਹ ਮੁਹਿੰਮ ਸਵੇਰੇ ਰੂਪਨਗਰ, ਮਹਾਰਾਜਾ ਰਣਜੀਤ ਸਿੰਘ ਪਾਰਕ, ਲਹਿਰੀ ਸ਼ਾਹ ਮੰਦਰ, ਟਿੱਬੀ ਸਾਹਿਬ, ਮਧਪੁਰ ਤੋਂ ਸ਼ੁਰੂ ਹੋ ਕੇ ਦੁਪਹਿਰ ਵਿੱਚ ਭੰਗਲਾਂ ਤੋਂ ਮਾਜਰੀ ਠੇਕੇਦਾਰ, ਲੋਧੀ ਮਾਜਰਾ ਅਤੇ ਹੋਰ ਕਈ ਥਾਵਾਂ ’ਤੇ ਜਾਰੀ ਰਹੀ। ਇਸ ਮੌਕੇ ਬਰਿੰਦਰ ਢਿੱਲੋਂ ਹਲਕਾ ਇੰਚਾਰਜ ਰੂਪਨਗਰ, ਅਮਰਜੀਤ ਸੈਣੀ, ਸਾਬਕਾ ਜ਼ਿਲ੍ਹਾ ਪ੍ਰਧਾਨ, ਰੋਪੜ ਅਤੇ ਰਮੇਸ਼ ਗੋਇਲ, ਸਾਬਕਾ ਮੈਂਬਰ ਏ.ਆਈ.ਸੀ.ਸੀ. ਵਰਗੀਆਂ ਪ੍ਰਸਿੱਧ ਸ਼ਖਸੀਅਤਾਂ ਵੀ ਮੌਜੂਦ ਰਹੀਆਂ।

ਜਨਤਕ ਸਭਾਵਾਂ ਵਿੱਚ ਸੰਬੋਧਨ ਕਰਦਿਆਂ ਵਿਜੇ ਇੰਦਰ ਸਿੰਗਲਾ ਨੇ ਵਿਰੋਧੀ ਪਾਰਟੀਆਂ ’ਤੇ ਵੱਡਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਪੱਧਰ ’ਤੇ ਗੁੰਡਾਗਰਦੀ ਹੋ ਰਹੀ ਹੈ। ਭਾਜਪਾ ਹੋਵੇ ਜਾਂ ‘ਆਪ’, ਕਾਂਗਰਸ ਪਾਰਟੀ ਅਜਿਹੀ ਸਥਿਤੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਭਾਜਪਾ ਸਰਕਾਰ ਪਿਛਲੇ 10 ਸਾਲਾਂ ਤੋਂ ਰੁਜ਼ਗਾਰ ਦੇ ਨਾਂ ‘ਤੇ ‘ਲਾਲੀਪਾਪ’ ਦੇ ਰਹੀ ਹੈ। ਇਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਖੜੇ ਹੋਵੋ ਕਿਉਂਕਿ ਅਸੀਂ ਪੰਜਾਬ ਰਾਜ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਕਰਾਂਗੇ।
ਇਸ ਤੋਂ ਇਲਾਵਾ ਜਨਤਾ ਨੂੰ ਆਪਣੇ ਹੱਕ ਚ ਲੈਣ ਲਈ ਵਿਜੇ ਇੰਦਰ ਸਿੰਗਲਾ ਨੇ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ, ਰਾਸ਼ਟਰੀ ਮਜ਼ਦੂਰੀ ਘੱਟੋ-ਘੱਟ 400 ਰੁਪਏ ਪ੍ਰਤੀ ਦਿਨ ਕਰਨ, ਮਨਰੇਗਾ ਤਹਿਤ ਲੱਗੇ ਮਜ਼ਦੂਰਾਂ ਦੀ ਮਜ਼ਦੂਰੀ ਨੂੰ ਸ਼ਾਮਲ ਕਰਨ ਅਤੇ ਅਪ੍ਰੈਂਟਿਸਸ਼ਿਪ ਦਾ ਅਧਿਕਾਰ ਕਾਨੂੰਨ ਲਾਗੂ ਕਰਨ, ਪੰਜਾਬ ਅਤੇ ਦੇਸ਼ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ 1 ਲੱਖ ਰੁਪਏ ਦੇ ਸਾਲਾਨਾ ਵਜ਼ੀਫ਼ੇ ਨਾਲ ਦੇਸ਼ ਭਰ ਦੀਆਂ ਵੱਖ-ਵੱਖ ਕੰਪਨੀਆਂ ਨਾਲ ਇੱਕ ਸਾਲ ਦੇ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ।