ਲੋਹੀਆਂ ਖਾਸ (ਸੁਖਪਾਲ ਰਾਜਪੂਤ) – ਗੁਰਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਗੱਟਾ ਮੰਡੀ ਕਾਸੂ, ਥਾਣਾ ਲੋਹੀਆਂ ਖਾਸ, ਤਹਿਸੀਲ ਸ਼ਾਹਕੋਟ, ਜ਼ਿਲ੍ਹਾ ਜਲੰਧਰ ਨੇ ਸਥਾਨਕ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪੁੱਤਰ ਅਜੇ ਸਿੰਘ, ਜੋ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ, ਉਸ ਨੂੰ ਭੇਜਣ ਲਈ ਕਾਰਤਿਕਾ ਬਾਬਾ ਬਸਤੀ ਕਲੋਨੀ ਨੇੜੇ ਗੁਰਦੁਆਰਾ ਟੱਕਰ ਸਾਹਿਬ ਤਰਨਤਾਰਨ ਨਾਲ 20 ਲੱਖ ਰੁਪਏ ਵਿੱਚ ਗੱਲਬਾਤ ਹੋਈ ਸੀ। ਇਹ ਤੈਅ ਹੋਇਆ ਸੀ ਕਿ ਰਕਮ ਆਸਟ੍ਰੇਲੀਆ ਪਹੁੰਚ ਕੇ ਵਰਕ ਪਰਮਿਟ ਮਿਲਣ ਤੋਂ ਬਾਅਦ ਦੇਣੀ ਸੀ।
ਪਰ, 2 ਅਕਤੂਬਰ 2025 ਨੂੰ ਕਾਰਤਿਕਾ ਅਜੇ ਨੂੰ ਕਲਕੱਤਾ ਲੈ ਗਈ ਅਤੇ 4 ਅਕਤੂਬਰ 2025 ਨੂੰ ਕਲਕੱਤੇ ਤੋਂ ਦੁਬਈ ਲਈ ਫਲਾਈਟ ਕਰਵਾ ਦਿੱਤੀ। ਉਸ ਤੋਂ ਬਾਅਦ, ਗੁਰਨਾਮ ਸਿੰਘ ਦੇ ਭਰਾ ਮੰਗਲ ਸਿੰਘ ਦੇ ਮੋਬਾਇਲ ‘ਤੇ ਕਾਰਤਿਕਾ ਨੇ ਫ਼ੋਨ ਕਰਕੇ ਕਥਿਤ ਤੌਰ ‘ਤੇ ਕਿਹਾ ਕਿ ਜੇ ਤੁਸੀਂ ਆਪਣੇ ਪੁੱਤਰ ਨੂੰ ਵਾਪਸ ਲੈਣਾ ਚਾਹੁੰਦੇ ਹੋ ਤਾਂ 70 ਲੱਖ ਰੁਪਏ ਫਿਰੋਤੀ ਵਜੋਂ ਦਿਓ, ਨਹੀਂ ਤਾਂ ਅਜੇ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅੱਜ ਤੱਕ ਧਮਕੀਆਂ ਮਿਲ ਰਹੀਆਂ ਹਨ।
ਗੁਰਨਾਮ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦੇ ਦੂਜੇ ਪੁੱਤਰ ਗੁਰਵਿੰਦਰ ਸਿੰਘ ਨੂੰ ਵੀ ਕਾਰਤਿਕਾ ਨੇ 16 ਲੱਖ ਰੁਪਏ ਵਿੱਚ ਇੰਗਲੈਂਡ ਭੇਜਣ ਦਾ ਵਾਅਦਾ ਕੀਤਾ ਸੀ। ਉਸ ਵੇਲੇ 3 ਲੱਖ ਰੁਪਏ ਐਡਵਾਂਸ ਦੇ ਦਿੱਤੇ ਗਏ ਸਨ, ਤੇ ਬਾਕੀ ਰਕਮ ਵਰਕ ਪਰਮਿਟ ਮਿਲਣ ‘ਤੇ ਦੇਣੀ ਸੀ। ਪਰ ਗੁਰਵਿੰਦਰ ਸਿੰਘ ਵਿਦੇਸ਼ ‘ਚ ਫੜਿਆ ਗਿਆ ਤੇ ਵਾਪਸ ਭਾਰਤ ਆ ਗਿਆ ਸੀ।

