ਜਲੰਧਰ – ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ ਕਈ ਸੂਬਿਆਂ ਲਈ ਹਨੇਰੀ-ਤੂਫਾਨ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ। ਇਸੇ ਤਹਿਤ 5 ਅਤੇ 6 ਜਨਵਰੀ ਨੂੰ ਧੁੰਦ ਦਾ ਪ੍ਰਭਾਵ ਵਧਣ ਸਬੰਧੀ ਦੱਸਿਆ ਗਿਆ ਹੈ। ਉਥੇ ਹੀ, ਮੌਸਮ ਦੇ ਮਾਹਿਰਾਂ ਵੱਲੋਂ ਸੰਘਣੀ ਤੋਂ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕਰਦੇ ਹੋਏ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਇਸ ਚਿਤਾਵਨੀ ਦੇ ਮੁਤਾਬਕ ਹਰਿਆਣਾ ਅਤੇ ਪੰਜਾਬ ਵਿਚ ਇਸ ਸਮੇਂ ਸੰਘਣੀ ਧੁੰਦ ਪੈ ਰਹੀ ਹੈ, ਜਦੋਂ ਕਿ ਆਉਣ ਵਾਲੇ ਦਿਨਾਂ ਵਿਚ ਇਸ ਤੋਂ ਵੀ ਸੰਘਣੀ ਧੁੰਦ ਛਾਈ ਰਹੇਗੀ। ਸੰਘਣੀ ਧੁੰਦ ਖ਼ਤਰੇ ਤੋਂ ਘੱਟ ਨਹੀਂ ਹੈ, ਕਿਉਂਕਿ ਵਿਜ਼ੀਬਿਲਟੀ ਨਾ ਹੋਣ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵਧ ਜਾਂਦਾ ਹੈ।ਰਾਡਾਰ ਸਮੇਤ ਪੈਮਾਨਾ ਉਪਕਰਨਾਂ ਜ਼ਰੀਏ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਜਲੰਧਰ ਤੇ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਸਿਰਫ਼ 10 ਮੀਟਰ ਦੀ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ ਹੈ, ਜਦੋਂ ਕਿ ਅੰਮ੍ਰਿਤਸਰ ਦੇ ਬਾਹਰੀ ਇਲਾਕਿਆਂ ਵਿਚ ਧੁੰਦ ਕਾਰਨ ਕੁਝ ਮੀਟਰ ਦੀ ਦੂਰੀ ’ਤੇ ਵੀ ਦਿਸਣਾ ਬੰਦ ਹੋ ਗਿਆ। ਦੇਰ ਰਾਤ ਅਤੇ ਸਵੇਰ ਸਮੇਂ ਜ਼ੀਰੋ ਵਿਜ਼ੀਬਿਲਟੀ ਨੇ ਆਪਣਾ ਅਸਰ ਦਿਖਾਇਆ। ਧੁੰਦ ਦਾ ਕਹਿਰ ਜ਼ੋਰਾਂ ’ਤੇ ਹੈ ਅਤੇ ਦਿਨ ਵਿਚ 2 ਵਾਰ (ਸਵੇਰ-ਸ਼ਾਮ) ਨੂੰ ਸੰਘਣੀ ਧੁੰਦ ਪੈ ਰਹੀ ਹੈ। ਮਾਹਿਰਾਂ ਮੁਤਾਬਕ ਅਜਿਹਾ ਘੱਟ ਹੀ ਹੁੰਦਾ ਹੈ, ਜਦੋਂ ਇੰਨੀ ਸੰਘਣੀ ਧੁੰਦ ਪੈਂਦੀ ਹੈ।