ਪਟਿਆਲਾ : ਪਟਿਆਲਾ-ਸਰਹਿੰਦ ਰੋਡ ‘ਤੇ ਪੈਂਦੇ ਪਿੰਡ ਫੱਗਣ ਮਾਜਰਾ ਕੋਲ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ ਤਿੰਨ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਸਕੇ ਭਰਾ ਸਨ ਜਦਕਿ ਇਕ ਚਚੇਰਾ ਭਰਾ ਸੀ। ਇਸ ਹਾਦਸੇ ਵਿਚ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਰਛਪਾਲ ਸਿੰਘ (34) ਪਿੰਡ ਧਨੌਂਡਾ ਵਾਸੀ ਮੂਲੇਪੁਰ ਫਤਹਿਗੜ੍ਹ ਸਾਹਿਬ, ਰਘੁਵੀਰ ਸਿੰਘ (32) ਅਤੇ ਉਸ ਦੇ ਚਚੇਰੇ ਭਰਾ ਮਨਵੀਰ (21) ਵਜੋਂ ਹੋਈ ਹੈ। ਇਸ ਤੋਂ ਇਲਾਵਾ ਜ਼ਖ਼ਮੀਆਂ ’ਚ ਵਿੱਕੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਤੇ ਇਕ ਹੋਰ ਜ਼ਖ਼ਮੀ ਵਿਅਕਤੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਇਲਾਜ ਅਧੀਨ ਹੈ।
ਇਸ ਹਾਦਸੇ ’ਚ ਕਾਰ ਤੇ ਟਰੈਕਟਰ-ਟਰਾਲੀ ਵਿਚਾਲੇ ਸਿੱਧੀ ਟੱਕਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਨੌਜਵਾਨ ਫਤਹਿਗੜ੍ਹ ਸਾਹਿਬ ਤੋਂ ਪਟਿਆਲਾ ਵੱਲ ਆ ਰਹੇ ਸਨ। ਜਿਵੇਂ ਹੀ ਉਹ ਫੱਗਣ ਮਾਜਰਾ ਕੋਲ ਪਹੁੰਚੇ ਤਾਂ ਇਹ ਹਾਦਸਾ ਵਾਪਰ ਗਿਆ। ਸੂਚਨਾ ਮਿਲਦਿਆਂ ਹੀ ਐੱਸ. ਐੱਸ. ਐੱਫ. ਦੇ ਕਾਂਸਟੇਬਲ ਬੌਬੀ ਖਾਨ, ਚਮਕੌਰ ਸਿੰਘ ਅਤੇ ਸੰਦੀਪ ਗਿੱਲ ਤੁਰੰਤ ਮੌਕੇ ‘ਤੇ ਪਹੁੰਚੇ ਸਾਰੇ ਵਿਅਕਤੀਆਂ ਨੂੰ ਗੱਡੀ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।