ਨੈਸ਼ਨਲ ਡੈਸਕ- ਬਿਹਾਰ ਦੇ ਪੂਰਨੀਆ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕੋ ਪਰਿਵਾਰ ਦੇ 5 ਜੀਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਕਤਲ ਅੰਧਵਿਸ਼ਵਾਸ ਕਾਰਨ ਕੀਤੇ ਗਏ ਹਨ। ਇਹ ਘਟਨਾ ਮੁਫਸਿਲ ਥਾਣੇ ਦੇ ਰਾਜੀਗੰਜ ਪੰਚਾਇਤ ਦੇ ਤਾਤੇਗਾਮਾ ਵਿਚ ਵਾਪਰੀ। ਇੱਥੇ ਕਥਿਤ ਤੌਰ ’ਤੇ ‘ਡਾਇਣ’ ਹੋਣ ਦਾ ਦੋਸ਼ ਲਗਾ ਕੇ 5 ਲੋਕਾਂ ਨੂੰ ਕੁੱਟ-ਕੁੱਟ ਕੇ ਅਧਮਰਾ ਕਰਨ ਮਗਰੋਂ ਜ਼ਿੰਦਾ ਸਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਰਿਪੋਰਟ ਦੇ ਅਨੁਸਾਰ ਲੱਗਭਗ 250 ਲੋਕਾਂ ਨੇ ਇਕ ਪਰਿਵਾਰ ਦੇ 5 ਜੀਆਂ ਨੂੰ ਘੇਰ ਲਿਆ, ਉਨ੍ਹਾਂ ਨੂੰ ਕੁੱਟਿਆ ਅਤੇ ਫਿਰ ਉਨ੍ਹਾਂ ਨੂੰ ਅੱਗ ਲਾ ਕੇ ਸਾੜ ਦਿੱਤਾ। ਇੰਨਾ ਹੀ ਨਹੀਂ, ਕਤਲ ਮਗਰੋਂ ਫਿਰ ਉਨ੍ਹਾਂ ਨੇ ਲਾਸ਼ਾਂ ਨੂੰ ਗਾਇਬ ਕਰ ਦਿੱਤਾ। ਮਾਮਲਾ ਧਿਆਨ ‘ਚ ਆਉਣ ਮਗਰੋਂ ਪੁਲਸ ਜਾਂਚ ਵਿਚ ਰੁੱਝੀ ਹੋਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ.ਪੀ., ਏ.ਐੱਸ.ਪੀ. ਸਮੇਤ ਕਈ ਥਾਣਿਆਂ ਦੀ ਪੁਲਸ ਮੌਕੇ ’ਤੇ ਮੌਜੂਦ ਹੈ। ਰਿਪੋਰਟ ਦੇ ਅਨੁਸਾਰ, ਹੁਣ ਤੱਕ ਪੁਲਸ ਨੇ 2 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਦਕਿ ਬਾਕੀ ਜਾਂਚ ਜਾਰੀ ਹੈ।