ਨੈਸ਼ਨਲ ਡੈਸਕ: ਨਵੇਂ ਸਾਲ ‘ਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਦੀ ਯੋਜਨਾ ਬਣਾ ਰਹੇ ਸ਼ਰਧਾਲੂਆਂ ਲਈ ਰਾਹਤ ਭਰੀ ਖ਼ਬਰ ਹੈ। ਪ੍ਰਸਤਾਵਤ ਕੱਟੜਾ ਰੋਪਵੇਅ ਪ੍ਰਾਜੈਕਟ ਦੇ ਵਿਰੋਧ ਵਿਚ ਪਿਛਲੇ 7 ਦਿਨਾਂ ਤੋਂ ਚੱਲ ਰਿਹਾ ਪ੍ਰਦਰਸ਼ਨ ਖ਼ਤਮ ਹੋ ਗਿਆ ਹੈ। ਇਹ ਫ਼ੈਸਲਾ ਮੰਗਲਵਾਰ ਰਾਤ ਨੂੰ ਜੰਮੂ ਦੇ ਡਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਤੇ ਕੱਟੜਾ ਸੰਘਰਸ਼ ਕਮੇਟੀ ਵਿਚਾਲੇ ਹੋਈ ਮੀਟਿੰਗ ਮਗਰੋਂ ਲਿਆ ਗਿਆ ਹੈ।
ਪ੍ਰਦਰਸ਼ਨ ਕਾਰਨ ਸ਼ਰਧਾਲੂਆਂ ਨੂੰ ਕੱਟੜਾ ਤੋਂ ਭਵਨ ਤਕ ਪਹੁੰਚਣ ਲਈ ਘੋੜੇ ਤੇ ਪਾਲਕੀ ਦੀ ਸਹੂਲਤ ਨਹੀਂ ਮਿਲ ਰਹੀ ਸੀ, ਜਿਸ ਨਾਲ ਉਨ੍ਹਾਂ ਨੂੰ ਯਾਤਰਾ ਵਿਚ ਪਰੇਸ਼ਾਨੀਆਂ ਆ ਰਹੀਆਂ ਸਨ। ਮੀਟਿੰਗ ਵਿਚ ਇਹ ਵੀ ਫ਼ੈਸਲਾ ਹੋਇਆ ਕਿ ਫ਼ਿਲਹਾਲ ਰੋਪਵੇਅ ਪ੍ਰਾਜੈਕਟ ਦਾ ਕੰਮ ਰੁਕਿਆ ਰਹੇਗਾ ਤੇ ਇਸ ‘ਤੇ ਸ਼੍ਰਾਈਨ ਬੋਰਡ, ਪ੍ਰਸ਼ਾਸਨ ਅਤੇ ਸੰਘਰਸ਼ ਕਮੇਟੀ ਵੱਲੋਂ ਅੱਗੇ ਦੀ ਚਰਚਾ ਕੀਤੀ ਜਾਵੇਗੀ।
ਦਰਅਸਲ, ਪਿਛਲੇ ਮਹੀਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਰੋਪਵੇਅ ਪ੍ਰਾਜੈਕਟ ਦਾ ਐਲਾਨ ਕੀਤਾ ਸੀ, ਜਿਸ ਦਾ ਮੰਤਵ ਬੱਚਿਆਂ, ਬਜ਼ੁਰਗਾਂ ਤੇ ਹੋਰ ਸ਼ਰਧਾਲੂਆਂ ਲਈ ਮੰਦਰ ਤਕ ਪਹੁੰਚ ਨੂੰ ਸੁਖਾਲਾ ਬਣਾਉਣਾ ਸੀ। ਹਾਲਾਂਕਿ ਸਥਾਨਕ ਲੋਕਾਂ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ। ਇਸ ਦੇ ਵਿਰੋਧ ਵਿਚ ਸੰਘਰਸ਼ ਕਮੇਟੀ ਦੇ ਅੰਦੋਲਨ ਕਾਰਰਨ ਪਿਛਲੇ ਹਫ਼ਤੇ ਕੱਟੜਾ ਵਿਚ ਸਾਰੀਆਂ ਕਮਰਸ਼ੀਅਲ ਸਰਗਰਮੀਆਂ ਠੱਪ ਸਨ। ਮੰਗਲਵਾਰ ਨੂੰ ਹੋਈ ਮੀਟਿੰਗ ਮਗਰੋਂ ਪ੍ਰਸ਼ਾਸਨ ਅਤੇ ਸੰਘਰਸ਼ ਕਮੇਟੀ ਵਿਚਾਲੇ ਸਹਿਮਤੀ ਬਣ ਗਏ ਤੇ ਉਨ੍ਹਾਂ ਵੱਲੋਂ ਅੰਦੋਲਨ ਰੋਕ ਕੇ ਕੰਮ ਮੁੜ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਮਗਰੋਂ 18 ਪ੍ਰਦਰਸ਼ਨਕਾਰੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਤੇ ਅੰਦੋਲਨਕਾਰੀਆਂ ਵੱਲੋਂ ਵੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਰੋਪਵੇਅ ਪ੍ਰਾਜੈਕਟ ‘ਤੇ ਕਿਸੇ ਵੀ ਅਖ਼ੀਰਲੇ ਫ਼ੈਸਲੇ ਤਕ ਕੰਮ ਬੰਦ ਰੱਖਿਆ ਜਾਵੇਗਾ