ਨੈਸ਼ਨਲ — ਸ਼ੁੱਕਰਵਾਰ ਨੂੰ ਦੁਪਹਿਰ ਦੇ ਸਮੇਂ ਮਿਆਂਮਾਰ ਅਤੇ ਥਾਈਲੈਂਡ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮਿਆਂਮਾਰ ‘ਚ ਭੂਚਾਲ ਦੋ ਤੇਜ਼ ਝਟਕੇ ਲੱਗੇ। ਪਹਿਲੇ ਭੂਚਾਲ ਦੀ ਤੀਬਰਤਾ 7.2 ਰਹੀ, ਉੱਥੇ ਹੀ ਦੂਜੇ ਭੂਚਾਲ ਦੇ ਜੋ ਝਟਕੇ ਮਹਿਸੂਸ ਕੀਤੇ ਗਏ, ਉਸ ਦੀ ਤੀਬਰਤਾ 7.0 ਰਹੀ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਮੱਧ ਮਿਆਂਮਾਰ ਵਿਚ ਮੋਨੀਵਾ ਸ਼ਹਿਰ ਤੋਂ ਲਗਭਗ 50 ਕਿਲੋਮੀਟਰ (30 ਮੀਲ) ਪੂਰਬ ਵਿਚ ਸੀ। ਮਿਆਂਮਾਰ ਦੀ ਰਾਜਧਾਨੀ ਨੇਪੀਤਾਵ ਵਿਚ ਭੂਚਾਲ ਕਾਰਨ ਧਾਰਮਿਕ ਸਥਾਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।
ਬੈਂਕਾਕ ‘ਚ ਜੋ ਭੂਚਾਲ ਆਇਆ, ਉਹ ਇੰਨਾ ਸ਼ਕਤੀਸ਼ਾਲੀ ਸੀ ਕਿ ਗੰਗਨਚੁੰਬੀ ਇਮਾਰਤਾਂ ਡਿੱਗ ਗਈਆਂ। ਇਮਾਰਤਾਂ ਦੀਆਂ ਛੱਤਾਂ ‘ਤੇ ਬਣੇ ਸਵੀਮਿੰਗ ਪੂਲ ਦਾ ਪਾਣੀ ਭੂਚਾਲ ਕਾਰਨ ਬਾਹਰ ਆ ਗਿਆ ਅਤੇ ਕਈ ਇਮਾਰਤਾਂ ਤੋਂ ਮਲਬਾ ਡਿੱਗਣ ਲੱਗਾ। ਬੈਂਕਾਕ ਵਿਚ ਭੂਚਾਲ ਕਾਰਨ ਉਸਾਰੀ ਅਧੀਨ ਇਕ ਉੱਚੀ ਇਮਾਰਤ ਢਹਿ ਗਈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਕ ਵੀਡੀਓ ‘ਚ ਧੂੜ ਦੇ ਬੱਦਲਾਂ ਵਿਚਕਾਰ ਇਕ ਬਹੁ-ਮੰਜ਼ਿਲਾ ਇਮਾਰਤ ਡਿੱਗਦੀ ਦਿਖਾਈ ਦੇ ਰਹੀ ਹੈ ਅਤੇ ਉਥੇ ਮੌਜੂਦ ਲੋਕ ਚੀਕਦੇ ਹੋਏ ਭੱਜ ਰਹੇ ਹਨ।
ਅਧਿਕਾਰੀਆਂ ਵਲੋਂ ਬਚਾਅ ਕਾਰਜ ਚਲਾ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਸੀ ਕਿ ਇਮਾਰਤ ਡਿੱਗਣ ਸਮੇਂ ਕਿੰਨੇ ਕਰਮਚਾਰੀ ਮੌਜੂਦ ਸਨ। ਭੂਚਾਲ ਦੌਰਾਨ ਇਮਾਰਤਾਂ ਹਿੱਲਣ ਲੱਗੀਆਂ, ਇਸ ਲਈ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।