ਚੰਡੀਗੜ੍ਹ: ਸੋਸ਼ਲ ਮੀਡੀਆ ‘ਤੇ ਰੀਲ ਬਣਾ ਕੇ ਮਸ਼ਹੂਰ ਹੋਣ ਦੀ ਹੋੜ ਲੱਗੀ ਹੋਈ ਹੈ। ਇਸ ਚੱਕਰ ਵਿਚ ਕਈ ਵਾਰ ਲੋਕ ਅਜਿਹੀਆਂ ਗ਼ਲਤੀਆਂ ਵੀ ਕਰ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਜਾਨ ਤਕ ਗੁਆਉਣੀ ਪੈ ਜਾਂਦੀ ਹੈ। ਇਸ ਕਾਰਨ ਵਾਪਰਨ ਵਾਲੇ ਹਾਦਸਿਆਂ ਦੀਆਂ ਵੀ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਅਜਿਹੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਚੱਲਦੀ ਟਰੇਨ ਦੇ ਸਾਹਮਣੇ ਸਟੰਟ ਕਰਦੇ ਹੋਏ ਨੌਜਵਾਨ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਦੇ ਮੱਦੇਨਜ਼ਰ ਹੁਣ ਪੰਜਾਬ ਵਿਚ ਰੇਲਵੇ ਟ੍ਰੈਕ ‘ਤੇ ਸਟੰਟ ਅਤੇ ਖਤਰਨਾਕ ਵੀਡੀਓ ਬਣਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ RPF ਕਮਾਂਡੈਂਟ ਅਰੁਣ ਤ੍ਰਿਪਾਠੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਵਿਚ ਕੋਈ ਰੇਲਵੇ ਸਟੇਸ਼ਨ, ਰੇਲਗੱਡੀ ਦੇ ਅੰਦਰ ਜਾਂ ਪੱਟੜੀ ‘ਤੇ ਸਟੰਟ ਕਰਦਾ ਹੋਇਆ ਵੀਡੀਓ ਬਣਾਉਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਸ ਨੂੰ ਜੁਰਮਾਨਾ ਵੀ ਹੋ ਸਕਦਾ ਹੈ ਤੇ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਸੁਰੱਖਿਆ ਨੂੰ ਯਕੀਨੀ ਬਣਾਉਣਾ ਫਰਜ਼ ਬਣਦਾ ਹੈ। ਪਹਿਲਾਂ ਅਜਿਹੇ ਲੋਕਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਾਂਦਾ ਸੀ, ਪਰ ਹੁਣ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।