ਚੰਡੀਗੜ੍ਹ, 25 ਮਾਰਚ:
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਦੇ ਰਿਹਾਇਸ਼ੀ ਖੇਤਰ ਵਿੱਚ ਅਸਥਾਈ ਡੰਪ ਦਾ ਰੂਪ ਧਾਰ ਚੁੱਕੀ ਸਾਈਟ ਤੋਂ ਕੂੜਾ ਅਤੇ ਮਸ਼ੀਨਰੀ ਤੁਰੰਤ ਹਟਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਸਬੰਧਤ ਸਾਈਟ ਵਿਖੇ ਦਿਨ ਵਿੱਚ ਦੋ ਵਾਰ ਸਫਾਈ ਕਰਨੀ ਯਕੀਨੀ ਬਣਾਈ ਜਾਵੇ।
ਅੱਜ ਪੰਜਾਬ ਵਿਧਾਨ ਸਭਾ ਸ਼ੈਸ਼ਨ ਦੌਰਾਨ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਰਣਜੀਤ ਐਵੇਨਿਊ ਅੰਮ੍ਰਿਤਸਰ ਸ਼ਹਿਰ ਦਾ ਇੱਕ ਮਹੱਤਵਪੂਰਨ ਇਲਾਕਾ ਹੈ।ਉਨ੍ਹਾਂ ਕਿਹਾ ਕਿ ਰਣਜੀਤ ਐਵੇਨਿਊ ਦੇ ਈ-ਬਲਾਕ ਵਿਖੇ ਫਰਮ ਮੈਸਰਜ਼ ਅੰਮ੍ਰਿਤਸਰ ਐਮ.ਐਸ.ਡਬਲਿਯੂ (ਅਵੇਰਡਾ) ਨੂੰ ਠੋਸ ਕੂਡਾਂ ਇਕੱਠਾ ਕਰਨ ਵਾਲੇ ਵਾਹਨਾਂ ਦੀ ਪਾਰਕਿੰਗ ਲਈ ਜ਼ਮੀਨ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਬੰਧਤ ਫਰਮ ਨੇ ਇਸ ਜ਼ਮੀਨ ਨੂੰ ਗਾਰਬੇਜ ਟਰਾਂਸਫਰ ਸਟੇਸ਼ਨ ਅਤੇ ਬੰਦ ਮਸ਼ੀਨਰੀ ਦੀ ਪਾਰਕਿੰਗ ਵਜੋਂ ਵਰਤਣਾ ਸ਼ੂਰੁ ਕਰ ਦਿੱਤਾ ਸੀ, ਜਿਸਦੀ ਵਜ੍ਹਾ ਕਰਕੇ ਇਹ ਸਾਈਟ ਇੱਕ ਅਸਥਾਈ ਸੈਕੰਡਰੀ ਕੂੜਾ ਇਕੱਠਾ ਕਰਨ ਵਾਲਾ ਸਥਾਨ ਬਣਾ ਦਿੱਤਾ ਗਿਆ ਸੀ।
ਡਾ. ਰਵਜੋਤ ਸਿੰਘ ਨੇ ਕਿਹਾ ਕਿ ਸਬੰਧਤ ਫਰਮ ਨੂੰ ਇਸ ਸਾਈਨ ਤੋਂ ਕੂੜਾ ਅਤੇ ਬੰਦ ਮਸ਼ੀਨਰੀ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸਬੰਧਤ ਥਾਂ ਨੂੰ ਫੈਂਸ ਲਗਾ ਕੇ ਢੱਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰ ਨਗਰ ਨਿਗ੍ਰਮ ਅੰਮ੍ਰਿਤਸਰ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਇਸ ਸਾਈਟ ਨੂੰ ਦਿਨ ਵਿੱਚ ਦੋ ਵਾਰ ਸਾਫ ਕਰਵਾਇਆ ਜਾਵੇ।
ਕੈਬਨਿਟ ਮੰਤਰੀ ਨੇ ਅੱਗੇ ਦੱਸਿਆ ਕਿ ਮੌਜੂਦਾ ਏਜੰਸੀ ਅਵੇਰਡਾ ਨੇ ਫਰਵਰੀ 2025 ਵਿੱਚ ਨਗਰ ਨਿਗਮ ਅੰਮ੍ਰਿਤਸਰ ਨੂੰ ਮੌਜੂਦਾ ਇਕਰਾਰਨਾਮੇ ਤੋਂ ਬਾਹਰ ਨਿਕਲਣ ਦੇ ਆਪਣੇ ਇਰਾਦੇ ਬਾਰੇ ਸੂਚਿੰਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਫਰਮ ਦੀ ਸੂਚਨਾ ਤਹਿਤ ਨਗਰ ਨਿਗਮ ਅੰਮ੍ਰਿਤਸਰ ਘਰੋਂ-ਘਰੀਂ ਕੂੜਾ ਇਕੱਠਾ ਕਰਨ, ਇਸਦੀ ਆਵਾਜਾਈ ਤੇ ਪ੍ਰੋਸੈਸਿੰਗ ਅਤੇ ਸੁਰੱਖਿਅਤ ਨਿਪਟਾਰੇ ਲਈ ਨਵੀਂ ਏਜੰਸੀ ਨੂੰ ਸ਼ਾਮਲ ਕਰਨ ਲਈ ਇੱਕ ਨਵਾਂ ਟੈਂਡਰ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਰਣਜੀਤ ਐਵੇਨਿਊ ਵਿਖੇ ਕੂੜਾ ਟਰਾਂਸਫਰ ਸਟੇਸ਼ਨ ਦਾ ਮੁੱਦਾ ਸਥਾਈ ਤੌਰ ‘ਤੇ ਹੱਲ ਹੋ ਜਾਵੇਗਾ।