ਸ਼ਾਹਜਹਾਂਪੁਰ- ਫ਼ੌਜੀ ਸਿਪਾਹੀ ਆਪਣੇ ਘਰ ਤੋਂ ਮੀਲਾਂ ਦੂਰ ਰਹਿ ਕੇ ਦੇਸ਼ ਦੀ ਰੱਖਿਆ ਕਰਦਾ ਹੈ। ਜਦੋਂ ਉਹ ਮਹੀਨਿਆਂ ਬਾਅਦ ਘਰ ਆਉਂਦਾ ਹੈ, ਤਾਂ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੁੰਦਾ ਹੈ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸ਼ਾਹਜਹਾਂਪੁਰ ਦੇ ਛਿਦਕੁਰੀ ਵਿਚ ਫ਼ੌਜੀ ਅਰਵਿੰਦ ਨੇ ਪਤਨੀ ਮੰਜੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਦਰਅਸਲ ਪਤਨੀ ਪਿਛਲੇ 20 ਦਿਨਾਂ ਤੋਂ ਪੇਕੇ ਰਹਿ ਰਹੀ ਸੀ, ਉਸ ਨੂੰ ਲੈਣ ਗਏ ਅਰਵਿੰਦ ਦਾ ਝਗੜਾ ਹੋ ਗਿਆ। ਉਸ ਨੇ ਆਪਣੀ ਪਤਨੀ ‘ਤੇ ਪਿਸਟਲ ਨਾਲ 3 ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਲੀ ਨੇ ਰੌਲਾ ਪਾਇਆ ਤਾਂ ਉਸ ਨੂੰ ਵੀ ਗੋਲੀ ਮਾਰ ਦਿੱਤੀ, ਗੰਭੀਰ ਹਾਲਤ ਵਿਚ ਉਸ ਨੂੰ ਬਰੇਲੀ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।
ਘਟਨਾ ਮਗਰੋਂ ਦੋਸ਼ੀ ਨੂੰ ਸਹੁਰੇ ਵਾਲਿਆਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਫੜ ਲਿਆ। ਉਸ ਤੋਂ ਥਾਣੇ ਵਿਚ ਪੁੱਛ-ਗਿੱਛ ਹੋ ਰਹੀ ਹੈ। ਦਰਅਸਲ ਛਿਦਪੁਰੀ ਪਿੰਡ ਵਾਸੀ ਮੰਜੂ ਦਾ ਵਿਆਹ 10 ਸਾਲ ਪਹਿਲਾਂ ਫਰੂਖਾਬਾਦ ਦੇ ਕਯਾਮਗੰਜ ਥਾਣਾ ਦੇ ਗੌਰਪੁਰ ਵਾਸੀ ਫ਼ੌਜੀ ਅਰਵਿੰਦ ਨਾਲ ਹੋਇਆ ਸੀ। 20 ਦਿਨ ਪਹਿਲਾਂ ਮੰਜੂ ਆਪਣੇ ਤਿੰਨ ਬੱਚਿਆਂ ਨਾਲ ਪੇਕੇ ਆਈ ਸੀ। ਅਰਵਿੰਦ ਉਸ ਨੂੰ ਘਰ ਆਉਣ ਲਈ ਕਹਿ ਰਿਹਾ ਸੀ ਪਰ ਉਹ ਨਹੀਂ ਜਾ ਰਹੀ ਸੀ। ਦੇਰ ਸ਼ਾਮ ਉਹ ਸਹੁਰੇ ਘਰ ਪਹੁੰਚਿਆ, ਜਿਵੇਂ ਹੀ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਅਰਵਿੰਦ ਨੇ ਤੁਰੰਤ ਘਰ ਚੱਲਣ ਲਈ ਕਿਹਾ। ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਪਿਸਟਲ ਨਾਲ ਉਸ ‘ਤੇ ਤਿੰਨ ਗੋਲੀਆਂ ਚਲਾ ਦਿੱਤੀਆਂ।