ਰੋਪੜ- ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਅੱਜ ਪੂਰੇ ਦੇਸ਼ ਭਰ ਵਿਚ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਅੱਜ ਰੋਪੜ ਵਿਖੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਸਮੂਹ ਦੇਸ਼ ਵਾਸੀਆਂ ਨੂੰ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ।
ਉਨ੍ਹਾਂ ਕਿਹਾ ਬੜੀ ਤਮੰਨਾ ਸੀ ਕਿ ਗੁਰਦਆਰਾ ਸ੍ਰੀ ਭੱਠਾ ਸਾਹਿਬ ਨਤਮਸਤਕ ਹੋਵਾਂ । ਅੱਜ ਮੈਂ ਪਰਿਵਾਰ ਸਮੇਤ ਇਥੇ ਆਇਆ ਹਾਂ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਮਿਸਾਲ ਕਿਤੇ ਨਹੀਂ ਮਿਲਦੀ। ਅੱਜ ਦੇ ਦਿਨ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ ਅਤੇ ਸਿੱਖ ਕੌਮ ਲਈ ਲੜਾਈਆਂ ਲੜੀਆਂ। ਜਿੰਨਾ ਅਸੀਂ ਗੁਰੂਆਂ ਬਾਰੇ ਪੜ੍ਹਾਂਗਾ ਉਨ੍ਹਾਂ ਦੀ ਕੁਰਬਾਨੀ ਪ੍ਰਤੀ ਸ਼ਰਧਾ ਅਤੇ ਹਮੇਸ਼ਾ ਜੋਸ਼ ਮਿਲਦਾ ਰਹੇਗਾ।