ਸੰਗਰੂਰ- ਸੰਗਰੂਰ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਮੋਟਰਸਾਈਕਲ ‘ਤੇ ਜਾ ਰਹੇ ਭੈਣ-ਭਰਾ ਨਾਲ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਭਰਾ ਦੀ ਦਰਦਨਾਕ ਮੌਤ ਹੋ ਗਈ ਤੇ ਉਸ ਦੀ ਭੈਣ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਦੱਸੀ ਜਾ ਰਹੀ ਹੈ। ਹਾਦਸਾ ਕਿੰਨਾ ਭਿਆਨਕ ਸੀ ਇਸ ਦਾ ਅੰਦਾਜ਼ਾ ਮੋਟਰਸਾਈਕਲ ਅਤੇ ਕਾਰ ਦੀ ਹਾਲਤ ਵੇਖ ਕੇ ਹੀ ਲਗਾਇਆ ਜਾ ਸਕਦਾ ਹੈ।
ਸ਼ੁੱਕਰਵਾਰ ਦੇਰ ਸ਼ਾਮ ਨੂੰ ਸੰਗਰੂਰ ਸ਼ਹਿਰ ਦੇ ਨਾਨਕਿਆਣਾ ਰੋਡ ‘ਤੇ ਇਕ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਪ੍ਰਭਜੋਤ ਸਿੰਘ ਅਤੇ ਉਸ ਦੀ ਭੈਣ ਨਵਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਨਾਈਵਾਲ, ਸੰਗਰੂਰ ਤੋਂ ਆਪਣੇ ਪਿੰਡ ਨੂੰ ਜਾ ਰਹੇ ਸਨ ਜਦਕਿ ਇਕ ਕਾਰ ਨਾਭਾ ਤੋਂ ਸੰਗਰੂਰ ਵੱਲ ਨੂੰ ਆ ਰਹੀ ਸੀ। ਰਸਤੇ ਵਿਚ ਪੈਂਦੇ ਇਕ ਧਾਰਮਿਕ ਡੇਰੇ ਦੇ ਮੋੜ ਨਜ਼ਦੀਕ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਜਾਣ ਕਰਕੇ ਮੋਟਰਸਾਈਕਲ ਸਵਾਰ ਪ੍ਰਭਜੋਤ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠੀ ਭੈਣ ਨਵਦੀਪ ਕੌਰ ਦੇ ਹੋਰ ਗੰਭੀਰ ਸੱਟਾਂ ਲੱਗਣ ਦੇ ਨਾਲ-ਨਾਲ ਉਸ ਦਾ ਪੱਟ ਵੀ ਟੁੱਟ ਗਿਆ। ਜ਼ਖ਼ਮੀ ਨਵਦੀਪ ਕੌਰ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਆਂਦਾ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ। ਇਸ ਸਬੰਧੀ ਸੰਗਰੂਰ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।