ਲੁਧਿਆਣਾ, 13 ਮਈ – ਦੁਨੀਆ ਦੇ ਮਸ਼ਹੂਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀ ਪਵਿੱਤਰ ਦੇਹ ਨੂੰ ਅੱਜ ਅਗਨੀ ਦਾ ਸਪੁਰਦ ਕਰ ਦਿਤਾ ਗਿਆ। ਸੁਰਜੀਤ ਪਾਤਰ ਦੀ ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਉੱਘੀਆਂ ਸ਼ਖਸੀਅਤਾਂ ਸ਼ਰਧਾਂਜਲੀ ਦੇਣ ਲਈ ਪੁੱਜੀਆਂ। ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚੇ। ਉਨ੍ਹਾਂ ਨੇ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਅੰਤਿਮ ਯਾਤਰਾ ਨੂੰ ਮੋਢਾ ਦਿੱਤਾ।
ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਸੁਰਜੀਤ ਨੂੰ ਅੰਤਿਮ ਰਸਮਾਂ ਦੌਰਾਨ ਰੋਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦਿਆਂ ਲਿਖਿਆ- ਪੰਜਾਬੀ ਬੋਲੀ ਦੇ ਮਾਣਮੱਤੇ ਪੁੱਤ ਸੁਰਜੀਤ ਪਾਤਰ ਸਾਬ੍ਹ ਜੀ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸੀ, ਜੋ ਘਾਟਾ ਪਰਿਵਾਰ ਅਤੇ ਪੰਜਾਬੀਆਂ ਲਈ ਨਾ ਪੂਰਾ ਹੋਣ ਵਾਲਾ ਹੈ।
ਪੰਜਾਬ ਸਰਕਾਰ ਨੇ ਪੰਜਾਬੀ ਕਵੀ ਅਤੇ ਸਾਹਿਤਕਾਰ ਸੁਰਜੀਤ ਪਾਤਰ ਦੀ ਯਾਦ ਵਿਚ ਹਰ ਸਾਲ ਪਾਤਰ ਪੁਰਸਕਾਰ ਦੇਣ ਦਾ ਵੀ ਐਲਾਨ ਕੀਤਾ ਹੈ। ਇਹ ਪੁਰਸਕਾਰ ਉੱਭਰ ਰਹੇ ਕਵੀਆਂ ਨੂੰ ਦਿਤਾ ਜਾਵੇਗਾ। ਇਸ ਸਬੰਧੀ ਸਾਰੀ ਯੋਜਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਆਰ ਕੀਤੀ ਹੈ। ਪਾਤਰ ਪੁਰਸਕਾਰ ਜੇਤੂ ਨੂੰ ਹਰ ਸਾਲ 1 ਲੱਖ ਰੁਪਏ ਦਾ ਨਕਦ ਇਨਾਮ ਅਤੇ ਇਕ ਯਾਦਗਾਰੀ ਚਿੰਨ੍ਹ ਦਿੱਤਾ ਜਾਵੇਗਾ। ਇਸ ਪੁਰਸਕਾਰ ਦੀ ਅਗਵਾਈ ਭਾਸ਼ਾ ਵਿਭਾਗ ਕਰੇਗਾ।