Become a member

Get the best offers and updates relating to Liberty Case News.

― Advertisement ―

spot_img
spot_img
HomeBig Newsਹੁਣ ਸਿੱਕਿਮ ਵਿੱਚ ਵੀ ਆਨੰਦ ਮੈਰਿਜ ਐਕਟ ਤਹਿਤ ਹੋਣਗੇ ਵਿਆਹ ਰਜਿਸਟਰ

ਹੁਣ ਸਿੱਕਿਮ ਵਿੱਚ ਵੀ ਆਨੰਦ ਮੈਰਿਜ ਐਕਟ ਤਹਿਤ ਹੋਣਗੇ ਵਿਆਹ ਰਜਿਸਟਰ

ਸਿੱਕਿਮ ਸਮੇਤ ਹੁਣ ਦੇਸ਼ ਭਰ ਵਿੱਚ ਸਿੱਖ ਜੋੜੇ ਆਨੰਦ ਮੈਰਿਜ ਐਕਟ ਤਹਿਤ ਆਪਣੇ ਵਿਆਹ ਰਜਿਸਟਰ ਕਰਵਾ ਸਕਣਗੇ। ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਸਿੱਕਿਮ ਸਰਕਾਰ ਨੇ ਵੀ ਆਨੰਦ ਮੈਰਿਜ ਐਕਟ ਤਹਿਤ ਵਿਆਹ ਰਜਿਸਟ੍ਰੇਸ਼ਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜੋ 1 ਜੂਨ ਤੋਂ ਲਾਗੂ ਹੋਵੇਗਾ।

ਇਸ ਇਤਿਹਾਸਕ ਫੈਸਲੇ ਤੋਂ ਬਾਅਦ ਹੁਣ ਸਿੱਕਿਮ ਵਿੱਚ ਰਹਿੰਦੇ ਸਿੱਖ ਜੋੜੇ ਆਪਣੀ ਰਵਾਇਤੀ ‘ਆਨੰਦ ਕਾਰਜ’ ਰਸਮ ਅਧੀਨ ਹੋਏ ਵਿਆਹ ਨੂੰ ਬਿਨਾਂ ਕਿਸੇ ਕਾਨੂੰਨੀ ਰੁਕਾਵਟ ਦੇ ਸਿੱਧੇ ਤੌਰ ’ਤੇ ਰਜਿਸਟਰ ਕਰਵਾ ਸਕਣਗੇ।

ਦਰਅਸਲ, ਦੇਸ਼ ਦੇ ਲਗਭਗ ਸਾਰੇ ਰਾਜਾਂ ਵਿੱਚ ਆਨੰਦ ਮੈਰਿਜ ਐਕਟ ਤਹਿਤ ਵਿਆਹਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਸੀ, ਪਰ ਸਿੱਕਿਮ ਸਰਕਾਰ ਨੇ ਇਸ ਸਬੰਧੀ ਲੋੜੀਂਦੇ ਨਿਯਮ ਨਹੀਂ ਬਣਾਏ ਸਨ। ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਇਸਨੂੰ ਲਾਗੂ ਨਹੀਂ ਕੀਤਾ ਗਿਆ।

ਬਾਅਦ ਵਿੱਚ ਸੁਪਰੀਮ ਕੋਰਟ ਵੱਲੋਂ ਦੁਬਾਰਾ ਫਟਕਾਰ ਲਗਾਉਣ ਤੋਂ ਬਾਅਦ ਹੁਣ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨਾਲ 1 ਜੂਨ ਤੋਂ ਸਿੱਕਿਮ ਵਿੱਚ ਸਿੱਖ ਦੰਪਤੀ ਆਪਣੇ ਵਿਆਹ ਕਾਨੂੰਨੀ ਤੌਰ ’ਤੇ ਰਜਿਸਟਰ ਕਰਵਾ ਸਕਣਗੇ।

ਇਸ ਮਾਮਲੇ ਨੂੰ ਲੈ ਕੇ ਸਿੱਕਿਮ ਵਿੱਚ ਰਹਿੰਦੇ ਅਮਨਜੋਤ ਸਿੰਘ ਚੱਢਾ ਨੇ ਲੰਬੀ ਕਾਨੂੰਨੀ ਲੜਾਈ ਲੜੀ। ਉਨ੍ਹਾਂ ਨੇ ਸਿੱਖ ਭਾਈਚਾਰੇ ਦੇ ਵਿਆਹੀ ਹੱਕਾਂ ਦੀ ਰੱਖਿਆ ਲਈ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਹ ਜਨਹਿਤ ਪਟੀਸ਼ਨ ਭਾਰਤੀ ਸੰਵਿਧਾਨ ਦੇ ਆਰਟੀਕਲ 32 ਤਹਿਤ ਦਾਇਰ ਕੀਤੀ ਗਈ ਸੀ।

ਆਪਣੀ ਪਟੀਸ਼ਨ ਵਿੱਚ ਉਨ੍ਹਾਂ ਨੇ ਮੰਗ ਕੀਤੀ ਸੀ ਕਿ ਜਿਨ੍ਹਾਂ ਰਾਜਾਂ ਨੇ ਅਜੇ ਤੱਕ ਆਨੰਦ ਮੈਰਿਜ ਐਕਟ ਸਬੰਧੀ ਨਿਯਮ ਤੈਅ ਨਹੀਂ ਕੀਤੇ, ਉਨ੍ਹਾਂ ਨੂੰ ਅਦਾਲਤ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਜਾਣ। ਨਾਲ ਹੀ 2012 ਦੇ ਕੇਂਦਰੀ ਸੋਧ ਕਾਨੂੰਨ ਤਹਿਤ ਸਾਰੇ ਰਾਜਾਂ ਨੂੰ ਵਿਆਹ ਰਜਿਸਟ੍ਰੇਸ਼ਨ ਦੇ ਨਿਯਮ ਲਾਜ਼ਮੀ ਤੌਰ ’ਤੇ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣ।

ਇਸੇ ਪਟੀਸ਼ਨ ’ਤੇ ਵਿਸਥਾਰ ਨਾਲ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸਤੰਬਰ 2025 ਵਿੱਚ ਇਤਿਹਾਸਕ ਫੈਸਲਾ ਸੁਣਾਇਆ ਸੀ, ਜਿਸ ਦੇ ਨਤੀਜੇ ਹੁਣ 2026 ਵਿੱਚ ਜ਼ਮੀਨੀ ਪੱਧਰ ’ਤੇ ਦਿਖਾਈ ਦੇ ਰਹੇ ਹਨ।