ਫਿਰੋਜ਼ਪੁਰ : ‘ਆਪਰੇਸ਼ਨ ਸਿੰਦੂਰ’ ਦਰਮਿਆਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਜੰਗ ਦੇ ਹਾਲਾਤ ਦਰਮਿਆਨ ਦੇਸ਼ ਭਰ ਤੋਂ ਵੱਖ-ਵੱਖ ਲੋਕਾਂ ਨੇ ਭਾਰਤੀ ਫ਼ੌਜ ਅਤੇ ਜਵਾਨਾਂ ਦਾ ਆਪੋ-ਆਪਣੇ ਤਰੀਕੇ ਨਾਲ ਸਾਥ ਦਿੱਤਾ। ਉੱਥੇ ਹੀ ਫਿਰੋਜ਼ਪੁਰ ਦੇ ਰਹਿਣ ਵਾਲੇ 10 ਸਾਲਾ ਬੱਚੇ ਸਰਵਣ ਸਿੰਘ ਨੇ ਵੀ ਭਾਰਤੀ ਜਵਾਨਾਂ ਦਾ ਤਪਦੀ ਗਰਮੀ ‘ਚ ਸਾਥ ਦਿੱਤਾ। ਹੁਣ ਮੇਜਰ ਜਨਰਲ ਰਣਜੀਤ ਸਿੰਘ ਮਨਰਾਲ (ਜੀ. ਓ. ਸੀ. 7 ਇਨਫੈਂਟਰੀ) ਵਲੋਂ ਸਰਵਣ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ। ਫਿਰੋਜ਼ਪੁਰ ਦੇ ਕਸਬਾ ਮਮਦੋਟ ਸਰਹੱਦੀ ਪਿੰਡ ਤਰਾਵਾਲੀ ਦੇ ਰਹਿਣ ਵਾਲੇ 10 ਸਾਲਾ ਸਰਵਣ ਨੂੰ ‘ਯੰਗੇਸਟ ਸਿਵਲ ਵਾਰੀਅਰ’ ਕਿਹਾ ਗਿਆ ਹੈ।
ਸਰਵਣ ਨੇ ਭਾਰਤ-ਪਾਕਿ ਵਿਚਾਲੇ ਜੰਗ ਦੇ ਮਾਹੌਲ ਦਰਮਿਆਨ ਅੱਤ ਦੀ ਗਰਮੀ ‘ਚ ਘਰੋਂ ਲਿਆ ਕੇ ਫ਼ੌਜ ਦੇ ਜਵਾਨਾਂ ਨੂੰ ਠੰਡਾ ਪਾਣੀ, ਦੁੱਧ, ਚਾਹ, ਲੱਸੀ ਅਤੇ ਬਰਫ਼ ਪਹੁੰਚਾਈ। ਉਹ ਰੋਜ਼ ਜਵਾਨਾਂ ਕੋਲ ਜਾ ਕੇ ਉਨ੍ਹਾਂ ਦੀ ਮਦਦ ਕਰਦਾ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਂਦਾ ਸੀ। ਸਰਵਣ ਦੇ ਪਿਤਾ ਸੋਨਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ‘ਤੇ ਫ਼ੌਜ ਦੇ ਜਵਾਨ ਠਹਿਰੇ ਹੋਏ ਸਨ।
ਸਰਵਣ ਪਹਿਲੇ ਹੀ ਦਿਨ ਤੋਂ ਫ਼ੌਜ ਦੀ ਸੇਵਾ ‘ਚ ਲੱਗ ਗਿਆ ਸੀ। ਉਨ੍ਹਾਂ ਨੇ ਬੇਟੇ ਨੂੰ ਕਦੇ ਨਹੀਂ ਰੋਕਿਆ ਕਿਉਂਕਿ ਉਸ ਦਾ ਦੇਸ਼ ਭਗਤੀ ਦਾ ਜਜ਼ਬਾ ਉਨ੍ਹਾਂ ਨੂੰ ਵੀ ਮਾਣ ਮਹਿਸੂਸ ਕਰਵਾਉਂਦਾ ਹੈ।
ਸਰਵਣ ਨੇ ਕਿਹਾ ਕਿ ਉਸ ਨੂੰ ਜਵਾਨਾਂ ਕੋਲ ਜਾ ਕੇ ਬਹੁਤ ਚੰਗਾ ਲੱਗਦਾ ਸੀ। ਉਹ ਵੱਡਾ ਹੋ ਕੇ ਖ਼ੁਦ ਵੀ ਫ਼ੌਜੀ ਬਣਨਾ ਚਾਹੁੰਦਾ ਹੈ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਫ਼ੌਜ ਨੇ ਉਸ ਦੀ ਸੇਵਾ ਭਾਵਨਾ ਨੂੰ ਦੇਖ ਕੇ ਉਸ ਨੂੰ ਤੋਹਫ਼ਾ ਵੀ ਦਿੱਤਾ ਅਤੇ ਸਪੈਸ਼ਲ ਖਾਣਾ ਅਤੇ ਆਈਸਕ੍ਰੀਮ ਖੁਆਈ, ਜਿਸ ਨਾਲ ਉਹ ਬੇਹੱਦ ਖ਼ੁਸ਼ ਹੋ ਗਿਆ। ਦੇਸ਼ ਭਗਤੀ ਅਤੇ ਸੇਵਾ ਦਾ ਅਜਿਹਾ ਜਜ਼ਬਾ ਅੱਜ ਦੇ ਬੱਚਿਆਂ ਲਈ ਬਹੁਤ ਪ੍ਰੇਰਣਾਦਾਇਕ ਹੈ। ਸਰਵਣ ਸਿੰਘ ਵਰਗੇ ਬੱਚਿਆਂ ‘ਤੇ ਪੂਰੇ ਦੇਸ਼ ਨੂੰ ਮਾਣ ਹੈ।