ਜਲੰਧਰ/ਚੰਡੀਗੜ੍ਹ – ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੰਜਾਬ ਪੁਲਸ ਦੀ ਟੀਮ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਅਤੇ ਬੱਬਰ ਖਾਲਸਾ ਨਾਲ ਜੁੜੇ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚ ਇਕ ਮੁਲਜ਼ਮ ਨਾਬਾਲਗ ਹੈ। 4 ਦਿਨਾਂ ਤੋਂ ਚੱਲ ਰਹੇ ਪੰਜਾਬ ਪੁਲਸ ਦੇ ਆਪਰੇਸ਼ਨ ਵਿਚ ਦੋ ਅੱਤਵਾਦੀ ਮਾਡਿਊਲ ਨੂੰ ਫੜਿਆ ਹੈ। ਪੁਲਸ ਦਾ ਦਾਅਵਾ ਹੈ ਕਿ ਪੰਜਾਬ ਵਿਚ ਟਾਰਗੇਟ ਕਿਲਿੰਗ ਦਾ ਟਾਸਕ ਮਿਲਿਆ ਸੀ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਤੋਂ 2 ਰਾਕੇਟ ਪ੍ਰੋਪੇਲਡ ਗ੍ਰਨੇਡ (ਆਰ. ਪੀ. ਜੀ), 1 ਗ੍ਰਨੇਡ ਲਾਂਚਰ, 2.5 ਕਿਲੋਗ੍ਰਾਮ ਵਜ਼ਨ ਦੇ ਦੋ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ), ਡੈਟੋਨੇਟਰ, 2 ਹੈਂਡ ਗ੍ਰਨੇਡ, ਰਿਮੋਟ ਕੰਟਰੋਲ ਅਤੇ 2 ਕਿਲੋ ਰਾਇਲ ਡੈਮੋਲਿਸ਼ਨ ਐਕਸਪਲੋਸਿਵ (ਆਰ. ਡੀ. ਐਕਸ), 5 ਪਿਸਤੌਲ (ਬੇਰੇਟਾ ਅਤੇ ਗਲੌਕ), 6 ਮੈਗਜ਼ੀਨ, 44 ਕਾਰਤੂਸ, 1 ਵਾਇਰਲੈੱਸ ਸੈੱਟ ਅਤੇ 3 ਵਾਹਨ ਬਰਾਮਦ ਕੀਤੇ ਗਏ ਹਨ।
ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਇਹ ਲੋਕ ਆਈ. ਐੱਸ. ਆਈ. ਦੇ ਇਸ਼ਾਰੇ ‘ਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਸਨ। ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਕਈ ਪੁਲਸ ਥਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਵੀ ਯੋਜਨਾ ਬਣਾ ਰਹੇ ਸਨ। ਜਲਦੀ ਹੀ ਸਾਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।