ਪੰਜਾਬ ਚੋਣ ਪ੍ਰਚਾਰ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਸ਼ੁੱਕਰਵਾਰ ਨੂੰ ਚੋਣ ਰੈਲੀ ਲਈ ਜਲੰਧਰ ਆਉਣਗੇ ਅਤੇ ਭਾਜਪਾ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ ਕਰਨਗੇ। ਭਲਕੇ ਦੇ ਪੀਐੱਮ ਦੌਰੇ ਨੂੰ ਲੈ ਕੇ ਜਲੰਧਰ ’ਚ ਧਾਰਾ 144 ਲਾਗੂ ਕੀਤੀ ਗਈ ਹੈ। ਇਸ ਦੇ ਨਾਲ ਹੀ ਨੋ ਫਲਾਈ ਜ਼ੋਨ ਦਾ ਐਲਾਨ ਕੀਤਾ ਗਿਆ ਹੈ। ਇਹ ਹੁਕਮ ਵੀਰਵਾਰ ਦੁਪਹਿਰ ਏ.ਡੀ.ਸੀ ਜਲੰਧਰ ਡਾ. ਅਮਿਤ ਮਹਾਜਨ ਵੱਲੋਂ ਜਾਰੀ ਕੀਤੇ ਗਏ ਹਨ।
ਡਾ. ਅਮਿਤ ਮਹਾਜਨ ਮੁਤਾਬਕ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਜਿਸ ਦੇ ਆਧਾਰ ‘ਤੇ ਜ਼ਿਲੇ ‘ਚ ਕਿਸੇ ਵੀ ਤਰ੍ਹਾਂ ਦੀ ਉਡਾਣ ‘ਤੇ ਪੂਰਨ ਪਾਬੰਦੀ ਰਹੇਗੀ। ਪਾਬੰਦੀ ’ਚ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਨੂੰ ਛੱਡ ਕੇ ਸਿਵਲ ਰਿਮੋਟ, ਪਾਇਲਟ ਏਅਰਕ੍ਰਾਫਟ ਸਿਸਟਮ, ਡਰੋਨ, ਹੈਲੀਕਾਪਟਰ ਵੀ.ਵੀ.ਆਈ.ਪੀ ਹੈਲੀਕਾਪਟਰ ਅਤੇ ਹੋਰ ਹਵਾਈ ਜਹਾਜਾਂ ਆਦਿ ਦੀ ਉਡਾਣਾਂ ਸ਼ਾਮਲ ਹੈ। ਏਡੀਸੀ ਵੱਲੋਂ ਜਾਰੀ ਹੁਕਮ 24 ਮਈ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ ਲੈ ਕੇ ਰਾਤ ਕਰੀਬ 9 ਵਜੇ ਤੱਕ ਲਾਗੂ ਰਹਿਣਗੇ।
ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਦੇ ਜਲੰਧਰ ਦੌਰੇ ਕਾਰਨ ਲੁਧਿਆਣਾ, ਜਲੰਧਰ ਅਤੇ ਫਗਵਾੜਾ ’ਚ ਵੱਖ ਥਾਵਾਂ ਤੋਂ ਰੂਟ ਡਾਇਵਰਟ ਕੀਤੇ ਗਏ ਹਨ। ਇਸ ਸੰਬੰਧੀ ਪੁਲਿਸ ਨੇ ਅੰਮ੍ਰਿਤਸਰ ਤੋਂ ਲੁਧਿਆਣਾ, ਲੁਧਿਆਣਾ ਤੋਂ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਹਿਮਾਚਲ ਪ੍ਰਦੇਸ਼ ਅਤੇ ਪਠਾਨਕੋਟ ਜਾਣ ਵਾਲੇ ਵਾਹਨਾਂ ਦਾ ਰੂਟ ਪਲਾਨ ਵੀ ਜਾਰੀ ਕਰ ਦਿੱਤਾ ਹੈ। ਜ਼ਿਲ੍ਹੇ ’ਚ ਸੁਰੱਖਿਆ ਦੇ ਮੱਦੇਨਜ਼ਰ ਇਹ ਡਾਇਵਰਸ਼ਨ 24 ਮਈ ਸ਼ੁੱਕਰਵਾਰ ਨੂੰ ਦੁਪਹਿਰ 3:00 ਵਜੇ ਤੋਂ ਸ਼ਾਮ 7:00 ਵਜੇ ਤੱਕ ਲਾਗੂ ਰਹਿਣਗੇ।