ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਤੋਂ ਨਾਰਾਜ਼ 15 ਕੌਂਸਲਰਾਂ ਨੇ ਸ਼ਨੀਵਾਰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਮਾਮਲੇ ਦੇ ਸਬੰਧ ਵਿਚ ‘ਆਪ’ ਦੇ ਸੀਨੀਅਰ ਕੌਂਸਲਰ ਮੁਕੇਸ਼ ਗੋਇਲ ਨੇ ਕਿਹਾ ਕਿ ਸਾਡੇ 15 ਕੌਂਸਲਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਕ ਵੱਖਰੀ ‘ਇੰਦਰਪ੍ਰਸਥ ਵਿਕਾਸ ਪਾਰਟੀ’ ਬਣਾਈ ਹੈ।’ ਪਿਛਲੇ ਢਾਈ ਸਾਲਾਂ ਤੋਂ ਸਾਡਾ ਕੋਈ ਕੰਮ ਨਹੀਂ ਹੋਇਆ। ਅਸੀਂ ਆਪਣਾ ਸਾਰਾ ਸਮਾਂ ਲੜਦਿਆਂ ਬਿਤਾਇਆ।
ਇਸ ਦੇ ਨਾਲ ਹੀ ਕੌਂਸਲਰਾਂ ਨੇ ਆਪਣੇ ਅਸਤੀਫ਼ਿਆਂ ’ਚ ਕਿਹਾ ਹੈ ਕਿ ਅਸੀਂ ਸਾਰੇ 2022 ’ਚ ਦਿੱਲੀ ਨਗਰ ਨਿਗਮ ਲਈ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੁਣੇ ਗਏ ਸੀ। ਦਿੱਲੀ ਨਗਰ ਨਿਗਮ ਦੀ ਸੱਤਾ ’ਤੇ ਕਾਬਜ਼ ਹੋਣ ਦੇ ਬਾਵਜੂਦ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨਿਗਮ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਚ ਅਸਫਲ ਰਹੀ ਹੈ। ਦੱਸ ਦੇਈਏ ਕਿ ਗੋਇਲ ਦੇ ਨਾਲ ਹੀ ਅਸਤੀਫਾ ਦੇਣ ਵਾਲਿਆਂ ’ਚ ਹੇਮ ਚੰਦਰ ਗੋਇਲ, ਹਿਮਾਨੀ ਜੈਨ, ਊਸ਼ਾ ਸ਼ਰਮਾ, ਅਸ਼ੋਕ ਪਾਂਡੇ, ਰਾਖੀ ਯਾਦਵ, ਸਾਹਿਬ ਕੁਮਾਰ, ਰਾਜੇਸ਼ ਕੁਮਾਰ, ਅਨਿਲ ਰਾਣਾ ਤੇ ਦੇਵੇਂਦਰ ਕੁਮਾਰ ਆਦਿ ਸ਼ਾਮਲ ਹਨ।