ਗਾਜ਼ਾ- ਗਾਜ਼ਾ ਪੱਟੀ ਵਿਚ ਪਿਛਲੇ 72 ਘੰਟਿਆਂ ’ਚ ਇਜ਼ਰਾਈਲੀ ਫੌਜ ਵਲੋਂ ਕੀਤੇ ਗਏ 94 ਹਵਾਈ ਹਮਲਿਆਂ ਅਤੇ ਗੋਲੀਬਾਰੀ ’ਚ 184 ਲੋਕ ਮਾਰੇ ਗਏ ਹਨ। ਹਮਾਸ ਵੱਲੋਂ ਚਲਾਏ ਜਾ ਰਹੇ ਗਾਜ਼ਾ ਮੀਡੀਆ ਦਫਤਰ ਨੇ ਸ਼ਨੀਵਾਰ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ। ਇਕ ਬਿਆਨ ’ਚ ਦਫਤਰ ਨੇ ਨਿਹੱਥੇ ਨਾਗਰਿਕਾਂ ਅਤੇ ਰਿਹਾਇਸ਼ੀ ਖੇਤਰਾਂ, ਖਾਸ ਕਰ ਕੇ ਗਾਜ਼ਾ ਸ਼ਹਿਰ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲੇ ਨੂੰ ‘ਖਤਰਨਾਕ ਅਤੇ ਬੇਰਹਿਮ’ ਦੱਸਿਆ। ਬਿਆਨ ’ਚ ਕਿਹਾ ਗਿਆ ਹੈ ਕਿ ਕਈ ਪੀੜਤ ਜਾਂ ਤਾਂ ਮਾਰੇ ਗਏ ਜਾਂ ਜ਼ਖਮੀ ਹੋ ਗਏ ਹਨ। ਬੁਨਿਆਦੀ ਢਾਂਚੇ ਦੇ ਨੁਕਸਾਨ ਕਾਰਨ ਹਸਪਤਾਲਾਂ ਤੱਕ ਉਨ੍ਹਾਂ ਦੀ ਪਹੁੰਚ ’ਚ ਰੁਕਾਵਟ ਆਈ। ਗਾਜ਼ਾ ’ਚ ਫਿਲਸਤੀਨੀ ਸਿਵਲ ਡਿਫੈਂਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਜ਼ਰਾਈਲੀ ਹਵਾਈ ਹਮਲੇ ਪਿਛਲੇ ਤਿੰਨ ਦਿਨਾਂ ’ਚ ਹਿੰਸਕ ਤੌਰ ’ਤੇ ਤੇਜ਼ ਹੋ ਗਏ ਹਨ, ਜਿਸ ਨੂੰ ਸਥਾਨਕ ਨਿਵਾਸੀਆਂ ਨੇ ਇਕ ਅਸਾਧਾਰਨ ਮੁਸ਼ਕਲ ਦੌਰ ਦੱਸਿਆ ਹੈ।