ਚੰਡੀਗੜ੍ਹ, 1 ਫਰਵਰੀ:
ਅੱਜ ਇੱਥੇ ਸੈਕਟਰ-68 ਸਥਿਤ ਵਣ ਕੰਪਲੈਕਸ ਵਿਖੇ ਸਾਲ 1994 ਬੈਚ ਦੇ ਭਾਰਤੀ ਜੰਗਲਾਤ ਸੇਵਾ, ਸ੍ਰੀ ਧਰਮਿੰਦਰ ਸ਼ਰਮਾ ਨੇ ਪ੍ਰਮੁੱਖ ਮੁੱਖ ਵਣਪਾਲ, ਪੰਜਾਬ (ਪੀ.ਸੀ.ਸੀ.ਐਫ., ਐਚ.ਓ.ਐਫ.ਐਫ) ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਇਲਾਵਾ ਉਹ ਅਗਲੀ ਨਿਯੁਕਤੀ ਹੋਣ ਤੱਕ ਪੀ.ਸੀ.ਸੀ.ਐਫ. ਵਾਈਲਡ ਲਾਈਫ ਅਤੇ ਚੀਫ ਵਾਈਲਡ ਲਾਈਫ ਵਾਰਡਨ, ਪੰਜਾਬ ਦਾ ਅਹੁਦਾ ਵੀ ਸੰਭਾਲਣਗੇ।
ਇਸ ਮੌਕੇ ਸ੍ਰੀ ਧਰਮਿੰਦਰ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਉਨ੍ਹਾਂ ਦੀਆਂ ਕਾਬਲੀਅਤ ਵਿੱਚ ਭਰੋਸਾ ਦਿਖਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਈਕੋ ਟੂਰਿਜ਼ਮ ਨੂੰ ਹੁਲਾਰਾ ਦੇਣਾ, ਜਲਗਾਹਾਂ ਦੀ ਸੁਚੱਜੀ ਸਾਂਭ-ਸੰਭਾਲ, ਸੂਬੇ ਵਿੱਚ ਹਰਿਆਵਲ ਹੇਠਲੇ ‘ਚ ਵਾਧਾ ਕਰਨ ਕਰਨ ਲਈ ਕਦਮ ਚੁੱਕਣ ਅਤੇ ਸਥਾਨਕ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਸਿਰਜਣ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਸ੍ਰੀ ਸ਼ਰਮਾ ਨੇ ਕਿਹਾ ਕਿ ਜੁਲਾਈ 2025 ਵਿੱਚ ਹੋਣ ਵਾਲਾ ‘ਵਣ ਮਹੋਤਸਵ’ ਇੱਕ ਵਿਲੱਖਣ ਸਮਾਗਮ ਹੋਵੇਗਾ। ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੱਤਾ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਨ ਬਰਕਰਾਰ ਰੱਖਣਾ ਸਮੇਂ ਦੀ ਮੁੱਖ ਲੋੜ ਹੈ।
ਜਿਕਰਯੋਗ ਹੈ ਕਿ ਸ਼੍ਰੀ ਸ਼ਰਮਾ 1994 ਭਾਰਤੀ ਜੰਗਲਾਤ ਸੇਵਾ (ਆਈ.ਐਫ.ਐਸ.) ਬੈਚ ਦੇ ਯੂ.ਪੀ.ਐਸ.ਸੀ. ਟਾਪਰ ਹਨ ਅਤੇ ਆਪਣੇ ਸਿੱਖਿਆ ਅਤੇ ਤਜੁਰਬੇ ਸਦਕਾ ਉਹ ਇੱਕ ਜੰਗਲਾਤਕਾਰ, ਇੱਕ ਬਨਸਪਤੀ ਵਿਗਿਆਨੀ ਅਤੇ ਇੱਕ ਕੁਦਰਤੀ ਸਰੋਤ ਪ੍ਰਬੰਧਕ ਵੀ ਹਨ।
ਉਹਨਾਂ ਨੇ ਪਲਾਂਟ ਸਾਇੰਸਜ਼ ਵਿੱਚ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਅਤੇ ਕ੍ਰੈਨਫੀਲਡ ਯੂਨੀਵਰਸਿਟੀ, ਯੂ.ਕੇ. ਤੋਂ ਮਾਰਸ਼ਲ ਪੈਪਵਰਥ ਸਕਾਲਰਸ਼ਿਪ ‘ਤੇ ਕੁਦਰਤੀ ਸਰੋਤ ਪ੍ਰਬੰਧਨ ਵਿੱਚ ਮਾਸਟਰ ਡਿਗਰੀ ਕੀਤੀ। ਇਸ ਤੋਂ ਇਲਾਵਾ ਸ੍ਰੀ ਸ਼ਰਮਾ ਨੇ ਯੂ.ਕੇ., ਫਿਨਲੈਂਡ ਦੀਆਂ ਯੂਨੀਵਰਸਿਟੀਆਂ ਅਤੇ ਯੇਲ ਯੂਨੀਵਰਸਿਟੀ, ਯੂ.ਐਸ.ਏ. ਤੋਂ ਜੰਗਲਾਤ ਅਤੇ ਸਬੰਧਤ ਸਾਇੰਸ ਵਿੱਚ ਸਿਖਲਾਈ ਪ੍ਰਾਪਤ ਕੀਤੀ।
ਇਸ ਤੋਂ ਪਹਿਲਾਂ ਉਹ ਪੰਜਾਬ ਸਰਕਾਰ ਵਿੱਚ ਜ਼ਿਲ੍ਹਾ ਅਤੇ ਉੱਚ ਪੱਧਰ ‘ਤੇ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾ ਚੁੱਕੇ ਹਨ ਜਿਹਨਾਂ ਵਿੱਚ ਜ਼ਿਲ੍ਹਾ ਜੰਗਲਾਤ ਅਫਸਰ, ਪਟਿਆਲਾ/ਸੰਗਰੂਰ/ਫਿਰੋਜ਼ਪੁਰ, ਵਿਸ਼ਵ ਬੈਂਕ ਤੋਂ ਸਹਾਇਤਾ ਪ੍ਰਾਪਤ ਪ੍ਰਾਜੈਕਟ ਵਿੱਚ ਟੀਮ ਲੀਡਰ, ਛੱਤਬੀੜ ਚਿੜੀਆਘਰ ਦੇ ਡਾਇਰੈਕਟਰ, ਜੰਗਲਾਤ, ਮੈਦਾਨੀ ਖੇਤਰਾਂ ਦੇ ਚੀਫ ਕੰਜ਼ਰਵੇਟਰ, ਡੈਪੂਟੇਸ਼ਨ ‘ਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਅਤੇ ਸਕੱਤਰ ਖੇਤੀਬਾੜੀ ਵਿਭਾਗ ਵਜੋਂ ਸੇਵਾਵਾਂ ਸ਼ਾਮਿਲ ਹਨ।
ਉਨ੍ਹਾਂ ਦੀਆਂ ਪ੍ਰਾਪਤੀਆਂ ਵਿੱਚ ਪੰਜਾਬ ਦੀ ਰਾਜ ਜੰਗਲਾਤ ਖੋਜ ਯੋਜਨਾ ਤਿਆਰ ਕਰਨਾ ਵੀ ਸ਼ਾਮਲ ਹੈ, ਬਾਅਦ ਵਿੱਚ ਇਸ ਯੋਜਨਾ ਨੇ 1999 ਵਿੱਚ ਉਸ ਸਮੇਂ ਦੇ ਜੇ.ਆਈ.ਸੀ.ਏ. (ਜਾਪਾਨ) ਪ੍ਰਾਜੈਕਟ ਤਹਿਤ ਖੋਜ ਪ੍ਰਾਜੈਕਟਾਂ ਨੂੰ ਦਿਸ਼ਾ ਪ੍ਰਦਾਨ ਕੀਤੀ। ਉਸੇ ਸਾਲ, ਜੰਗਲਾਤ ਵਿਭਾਗ ਵਿੱਚ ਨਵੇਂ ਭਰਤੀ ਕੀਤੇ ਗਏ ਜੰਗਲਾਤ ਗਾਰਡਾਂ ਲਈ ਇੱਕ ਪੇਸ਼ੇਵਰ ਸਿਖਲਾਈ ਕੋਰਸ ਵੀ ਕਰਵਾਇਆ ਗਿਆ।
ਸਾਲ 2000 ਵਿੱਚ ਫਿਰੋਜ਼ਪੁਰ ਵਣ ਮੰਡਲ ਦਾ “ਵਰਕਿੰਗ ਪਲਾਨ” (ਇੱਕ ਉੱਚ ਪੱਧਰੀ ਤਕਨੀਕੀ ਦਸਤਾਵੇਜ਼) ਤਿਆਰ ਕਰਨ ਤੋਂ ਇਲਾਵਾ, ਸ੍ਰੀ ਸ਼ਰਮਾ ਨੇ ਫੀਲਡ ਡਾਇਰੈਕਟਰ ਵਜੋਂ ਆਪਣੇ ਕਾਰਜਕਾਲ ਸਮੇਂ ਸਾਲ 2006-09 ਦੌਰਾਨ ਛੱਤਬੀੜ ਚਿੜੀਆਘਰ ਦਾ “ਮਾਸਟਰ ਪਲਾਨ” ਵੀ ਤਿਆਰ ਕੀਤਾ। ਇਹ ਭਾਰਤ ਦਾ ਇਸ ਸਬੰਧੀ ਪਹਿਲਾ ਦਸਤਾਵੇਜ਼ ਸੀ ਅਤੇ ਕੇਂਦਰੀ ਚਿੜੀਆਘਰ ਅਥਾਰਟੀ, ਭਾਰਤ ਸਰਕਾਰ ਵੱਲੋਂ ਇਸ ਦੀ ਖੂਬ ਪ੍ਰਸ਼ੰਸਾ ਕੀਤੀ ਗਈ। ਇਹ ਦਸਤਾਵੇਜ਼ ਉਦੋਂ ਤੋਂ ਚਿੜੀਆਘਰ ਵਿੱਚ ਚੱਲ ਰਹੇ ਸਾਰੇ ਵਿਕਾਸ ਦਾ ਮਾਰਗਦਰਸ਼ਨ ਕਰ ਰਿਹਾ ਹੈ।
ਉਹਨਾਂ ਨੇ ਯੂ.ਕੇ. ਤੋਂ ਐਗਰੋਫੋਰੈਸਟਰੀ ਪ੍ਰਣਾਲੀਆਂ ਵਿੱਚ ਕਾਰਬਨ ਸੀਕਿਊਸਟ੍ਰੇਸ਼ਨ ਦੀ ਮੁਹਾਰਤ ਹਾਸਲ ਕੀਤੀ ਸੀ, ਇਸ ਲਈ ਉਹਨਾਂ ਨੂੰ ਰਾਸ਼ਟਰ ਪੱਧਰ ‘ਤੇ ਪ੍ਰਸਿੱਧ ਕਈ ਸੰਸਥਾਵਾਂ ਵਿੱਚ ਜਲਵਾਯੂ ਪਰਿਵਰਤਨ ਅਤੇ ਹੋਰ ਵਾਤਾਵਰਣ ਸੰਬੰਧੀ ਮੁੱਦਿਆਂ ‘ਤੇ ਬੋਲਣ ਅਤੇ ਇਸ ਦੇ ਭਾਗੀਦਾਰਾਂ ਨੂੰ ਸਿਖਲਾਈ ਦੇਣ ਲਈ ਸੱਦਾ ਦਿੱਤਾ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਮੈਗਸਿਪਾ ਚੰਡੀਗੜ੍ਹ, ਜੰਗਲਾਤ ਖੋਜ ਸੰਸਥਾਨ (ਐਫ.ਆਰ.ਆਈ.) ਦੇਹਰਾਦੂਨ ਅਤੇ ਐਨਰਜੀ ਐਂਡ ਰਿਸੋਰਸਜ਼ ਇੰਸਟੀਚਿਊਟ (ਟੀ.ਆਰ.ਆਈ.) ਦਿੱਲੀ ਵਿਖੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ/ਵਰਕਸ਼ਾਪਾਂ ਵਿੱਚ ਵੀ ਵਿਚਾਰ ਚਰਚਾ ਲਈ ਸੱਦਾ ਦਿੱਤਾ ਗਿਆ। ਉਹਨਾਂ ਨੂੰ ਦੇਸ਼ ਭਰ ਦੇ ਸੀਨੀਅਰ ਜੰਗਲਾਤ ਅਧਿਕਾਰੀਆਂ ਨੂੰ ਸਿਖਲਾਈ ਦੇਣ ਲਈ ਬੰਦੀ ਜੰਗਲੀ ਜਾਨਵਰਾਂ ਦੇ ਪ੍ਰਬੰਧਨ ਸਮੇਤ ਜੰਗਲੀ ਜੀਵ ਸੁਰੱਖਿਆ ਦੇ ਵਿਸ਼ਿਆਂ ‘ਤੇ ਮਾਹਰ ਬੁਲਾਰੇ ਵਜੋਂ ਵੀ ਸੱਦਾ ਦਿੱਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਵਣ ਕੰਜ਼ਰਵੇਟਰ (ਜੰਗਲੀ ਜੀਵ) ਸਤੇਂਦਰ ਸਾਗਰ, ਵਣ ਕੰਜ਼ਰਵੇਟਰ (ਯੋਜਨਾਬੰਦੀ) ਵਿਸ਼ਾਲ ਚੌਹਾਨ, ਆਨਰੇਰੀ ਵਾਈਲਡ ਲਾਈਫ ਵਾਰਡਨ (ਪਟਿਆਲਾ) ਅਮਰਜੀਤ ਸਿੰਘ ਚੌਹਾਨ, ਪ੍ਰਬੰਧਕੀ ਅਧਿਕਾਰੀ ਰਜਿੰਦਰ ਸਿੰਘ ਅਤੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਟਾਫ਼ ਮੈਂਬਰ ਹਾਜ਼ਿਰ ਸਨ।