ਲੁਧਿਆਣਾ: ਨਿਊ ਮੋਤੀ ਨਗਰ ਇਲਾਕ਼ੇ ਚ ਲੋਕਾਂ ਵਿਚਾਲੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਗਲੀ ਨੰ 2 ਦੇ ਨੇੜੇ ਆਪਸ ’ਚ ਲੜਦੇ ਆ ਰਹੇ 2 ਨੌਜਵਾਨਾਂ ’ਚੋਂ ਇਕ ਨੌਜਵਾਨ ਨੇ ਦੂਜੇ ਨੌਜਵਾਨ ਦੇ ਮੂੰਹ, ਗਲ੍ਹ ਤੇ ਪਿੱਠ ’ਚ ਚਾਕੂ ਨਾਲ ਤਾਬੜਤੋੜ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਨਾਲ ਜਖ਼ਮੀ ਕਰ ਦਿੱਤਾ ਜਿਸ ਵਜੋਂ ਉਹ ਜ਼ਮੀਨ ’ਤੇ ਜਾ ਡਿੱਗਾ।
ਨੌਜਵਾਨ ਦੀ ਮਾੜੀ ਹਾਲਤ ਦੇਖ ਕੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਮੁਲਜ਼ਮ ਨੂੰ ਫੜਨ ਲਈ ਦੌੜੇ। ਇਸ ਦੌਰਾਨ ਇਲਾਕੇ ’ਚ ਪੈਟਰੋਲਿੰਗ ਕਰ ਰਹੇ ਟੈਂਗੋ ਨੰਬਰ 13 ਦੇ ਪੁਲਸ ਮੁਲਜ਼ਮ ਏ. ਐੱਸ. ਆਈ ਸੁਖਵਿੰਦਰ ਸਿੰਘ ਤੇ ਰਣਜੀਤ ਸਿੰਘ ਰੌਲਾ ਸੁਣ ਕੇ ਤੇ ਭੀੜ ਦੇਖ ਕੇ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਮਾਮਲੇ ਦੀ ਮੋਤੀ ਨਗਰ ਪੁਲਸ ਨੂੰ ਸੂਚਨਾ ਦਿੱਤੀ ਜੋ ਕਿ ਮੌਕੇ ’ਤੇ ਪਹੁੰਚ ਗਈ।
ਏ. ਐੱਸ. ਆਈ. ਅਨਿਲ ਕੁਮਾਰ ਨੇ ਕਿਹਾ ਕਿ ਸੂਚਨਾ ਮਿਲਦੀਆਂ ਸਾਰ ਹੀ ਉਹ ਪੁਲਸ ਦੇ ਨਾਲ ਮੌਕੇ ’ਤੇ ਪਹੁੰਚ ਗਏ। ਸਭ ਤੋਂ ਪਹਿਲਾਂ ਉਨ੍ਹਾਂ ਐਂਬੂਲੈਂਸ ਸੱਦ ਕੇ ਗੰਭੀਰ ਰੂਪ ਨਾਲ ਜਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਭੇਜਿਆ ਤੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ। ਉਨ੍ਹਾਂ ਕਿਹਾ ਕਿ ਹਾਲੇ ਕੁਝ ਸਾਫ਼ ਨਹੀਂ ਹੋ ਸਕਿਆ ਹੈ ਕਿ ਦੋਵੇਂ ਨੌਜਵਾਨਾਂ ਦੀ ਕਿਸ ਗੱਲ ਨੂੰ ਲੈ ਕੇ ਲੜਾਈ ਹੋਈ ਕਿ ਲੜਾਈ ਨੇ ਖੂਨੀ ਰੂਪ ਧਾਰ ਲਿਆ। ਲੋਕਾਂ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨ ਪਿੱਛੋਂ ਗਲੀ ਵਿੱਚ ਲੜਦੇ ਹੋਏ ਆ ਰਹੇ ਸੀ। ਐੱਸ.ਐੱਚ.ਓ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਸੂਚਨਾ ਮਿਲਦਿਆਂ ਸਾਰ ਹੀ ਪੁਲਸ ਨੂੰ ਮੋਕੇ ’ਤੇ ਭੇਜ ਦਿੱਤਾ ਸੀਸ ਦੋਹਾਂ ਨੌਜਵਾਨਾਂ ਵਿਚਾਲੇ ਕਿਸ ਗਲ ਨੂੰ ਲੈ ਕੇ ਲੜਾਈ ਹੋਈ, ਹਾਲੇ ਪਤਾ ਨਹੀਂ ਲੱਗਾ ਹੈ। ਜ਼ਖਮੀ ਨੌਜਵਾਨ ਬਿਆਨ ਦੇਣ ਦੀ ਹਾਲਤ ’ਚ ਨਹੀਂ ਹੈ ਅਤੇ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ।