ਨਾਰਨੌਂਦ- ਬੇਟੇ ਦੀ ਗਰੁੱਪ ‘ਸੀ’ ਅਤੇ ਗਰੁੱਪ ‘ਡੀ’ ‘ਚ ਪਟਵਾਰੀ ਲਈ ਚੋਣ ਹੋਈ। ਮੋਬਾਇਲ ‘ਤੇ 2-2 ਸਰਕਾਰੀ ਨੌਕਰੀਆਂ ‘ਚ ਚੁਣੇ ਜਾਣ ਦਾ ਮੈਸੇਜ ਆਇਆ ਤਾਂ ਪਰਿਵਾਰ ਦੁਖ਼ੀ ਹੋ ਗਿਆ, ਕਿਉਂਕਿ ਮੁਕੇਸ਼ ਦੀ ਮੌਤ ਭਰਤੀ ਪ੍ਰੀਖਿਆ ਦੇ ਨਤੀਜੇ ਆਉਣ ਤੋਂ 47 ਦਿਨ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਸੀ। ਦੱਸ ਦੇਈਏ ਕਿ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੇ ਗਰੁੱਪ ‘ਸੀ’ ਅਤੇ ਗਰੁੱਪ ‘ਡੀ’ ਦੀ ਭਰਤੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਸੀ, ਜਿਸ ‘ਚ ਮੁਕੇਸ਼ ਦੀ ਚੋਣ ਹੋਈ ਸੀ।
ਦੱਸਣਯੋਗ ਹੈ ਕਿ ਜਿਸ ਦਿਨ ਨਤੀਜਾ ਆਇਆ, ਉਸ ਦਿਨ ਮੁਕੇਸ਼ ਦਾ ਜਨਮਦਿਨ ਸੀ। ਮੁਕੇਸ਼ ਦੇ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਅਸੀਂ ਇਨ੍ਹਾਂ ਨੌਕਰੀਆਂ ਦਾ ਕੀ ਕਰਾਂਗੇ। ਜਦੋਂ ਕੋਈ ਨੌਕਰੀ ਕਰਨ ਵਾਲਾ ਹੀ ਨਹੀਂ ਹੈ। ਮੁਕੇਸ਼ ਦੇ ਪਿਤਾ ਸੀਤਾ ਰਾਮ ਨਾਰਨੌਲ ਦੇ ਮੋਤੀ ਨਗਰ ਦੇ ਰਹਿਣ ਵਾਲੇ ਹਨ। ਸੀਤਾ ਰਾਮ ਪੇਸ਼ੇ ਤੋਂ ਵਪਾਰੀ ਹਨ। ਪਰਿਵਾਰ ਨੂੰ ਨਹੀਂ ਪਤਾ ਸੀ ਕਿ ਮੁਕੇਸ਼ ਨੇ ਕਦੋਂ ਫਾਰਮ ਭਰਿਆ ਸੀ। ਜਦੋਂ ਉਹ ਪ੍ਰੀਖਿਆ ਦੇਣ ਗਿਆ, ਉਦੋਂ ਜਾ ਕੇ ਪਰਿਵਾਰ ਨੂੰ ਪਤਾ ਲੱਗਾ ਕਿ ਉਸ ਨੇ ਨੌਕਰੀ ਦਾ ਫਾਰਮ ਭਰਿਆ ਹੈ। ਬੀਟੈੱਕ ਤੱਕ ਦੀ ਪੜ੍ਹਾਈ ਕਰ ਚੁੱਕੇ ਮੁਕੇਸ਼ ਦੀ ਚੋਣ ਪਹਿਲੇ ਰੇਲਵੇ ‘ਚ ਲੋਕੋ ਪਾਇਲਟ ਦੇ ਅਹੁਦੇ ‘ਤੇ ਹੋਈ ਸੀ ਪਰ ਉਸ ਨੇ ਜੁਆਇੰਨ ਨਹੀਂ ਕੀਤੀ।