ਜਲੰਧਰ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਗ੍ਰਨੇਡ ਹਮਲੇ ਦੇ ਮਾਮਲੇ ਪੁਲਸ ਨੇ ਸੁਲਝਾ ਲਿਆ ਹੈ। ਸੂਤਰਾਂ ਮੁਤਾਬਕ ਪੁਲਸ ਵੱਲੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਾਰਦਾਤ ਵਿਚ ਵਰਤਿਆ ਗਿਆ ਈ-ਰਿਕਸ਼ਾ ਵੀ ਜ਼ਬਤ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਮੁਲਜ਼ਮਾਂ ਦੇ ਤਾਰ ਮੁੰਬਈ ਦੇ ਮਸ਼ਹੂਰ ਬਾਬਾ ਸਿੱਦਕੀ ਕਤਲਕਾਂਡ ਦੇ ਨਾਲ ਜੁੜੇ ਹੋਏ ਹਨ। ਪੂਰੇ ਮਾਮਲੇ ਦਾ ਮਾਸਟਰਮਾਈਂਡ ਇਸ ਕਤਲਕਾਂਡ ਵਿਚ ਸ਼ਾਮਲ ਜੀਸ਼ਾਨ ਅਖ਼ਤਰ ਦੱਸਿਆ ਜਾ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਜੀਸ਼ਾਨ ਦੇ ਕਹਿਣ ‘ਤੇ ਹੀ ਇਹ ਗ੍ਰਨੇਡ ਅਟੈਕ ਹੋਇਆ ਹੈ।
ਜੀਸ਼ਾਨ ਅਖ਼ਤਰ ਜੋ ਕਿ ਜਲੰਧਰ ਜ਼ਿਲ੍ਹੇ ਦੇ ਨਕੋਦਰ ਇਲਾਕੇ ਦੇ ਪਿੰਡ ਸ਼ੰਕਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਬਾਬਾ ਸਿੱਦਕੀ ਕਤਲਕਾਂਡ ਤੋਂ ਬਾਅਦ ਉਹ ਫ਼ਰਾਰ ਚੱਲ ਰਿਹਾ ਹੈ। ਇਹ ਵੀ ਆਖ਼ਿਆ ਜਾ ਰਿਹਾ ਹੈ ਕਿ ਜੀਸ਼ਾਨ ਵਿਦੇਸ਼ ਚਲਾ ਗਿਆ ਸੀ।
ਉੱਥੇ ਹੀ ਪੁਲਸ ਸੂਤਰ ਦੱਸਦੇ ਹਨ ਕਿ ਮਨੋਰੰਜਨ ਕਾਲੀਆ ਦੇ ਘਰ ਹਮਲਾ ISI ਵੱਲੋਂ ਪੰਜਾਬ ਦੇ ਆਪਸੀ ਭਾਈਚਾਰੇ ਨੂੰ ਵਿਗਾੜਣ ਦੀ ਸਾਜ਼ਿਸ਼ ਹੈ।
ਜੀਸ਼ਾਨ ਅਖ਼ਤਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਵੀ ਦੱਸਿਆ ਜਾ ਰਿਹਾ ਹੈ ਅਤੇ ਪੁਲਸ ਇਸ ਦੇ ਲਿੰਕਾਂ ਦੀ ਜਾਂਚ ਕਰ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਜੀਸ਼ਾਨ ਦੇ ਲਿੰਕ ਪਾਕਿਸਤਾਨੀ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਹੈਪੀ ਪਾਸ਼ੀਆ ਨਾਲ ਵੀ ਜੁੜੇ ਹੋ ਸਕਦੇ ਹਨ। ਫ਼ਿਲਹਾਲ ਪੁਲਸ ਇਸ ਹਮਲੇ ਨੂੰ ਸਰਹੱਦ ਪਾਰੋਂ ਕਰਵਾਇਆ ਹੋਇਆ ਮੰਨ ਰਹੀ ਹੈ।
।