ਤਰਨਤਾਰਨ – ਪੁਲਸ ਦੀ ਵਰਦੀ ਪਾ ਕੇ ਹਥਿਆਰਾਂ ਦੀ ਨੋਕ ’ਤੇ ਭੋਲੇ-ਭਾਲੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ 2 ਮੁਲਜ਼ਮਾਂ ਨੂੰ ਥਾਣਾ ਖਾਲੜਾ ਦੀ ਪੁਲਸ ਨੇ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਦਾ ਮਾਣਯੋਗ ਅਦਾਲਤ ਕੋਲੋਂ 7 ਦਿਨਾਂ ਦਾ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਰੇਂਜ ਦੇ ਡੀ. ਆਈ. ਜੀ. (ਐਡੀਸ਼ਨਲ ਚਾਰਜ) ਅਸ਼ਵਨੀ ਕਪੂਰ ਨੇ ਦੱਸਿਆ ਕਿ ਐੱਸ. ਐੱਸ. ਪੀ. ਤਰਨਤਰਨ ਅਭਿਮਨਿਊ ਰਾਣਾ ਅਧੀਨ ਕੰਮ ਕਰ ਰਹੀ ਥਾਣਾ ਖਾਲੜਾ ਦੀ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਨਾਕਾਬੰਦੀ ਕਰਦੇ ਹੋਏ ਇਕ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜਿਸ ’ਚ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਦੇ ਹੋਏ ਉਨ੍ਹਾਂ ਕੋਲੋਂ ਇਕ ਪਿਸਤੌਲ 32 ਬੋਰ, 8 ਜ਼ਿੰਦਾ ਰੌਂਦ, 2 ਪੰਜਾਬ ਪੁਲਸ ਦੀਆਂ ਵਰਦੀਆਂ, ਇਕ ਸਵਿਫਟ ਕਾਰ ਅਤੇ ਇਕ ਮੋਬਾਈਲ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਫੌਜੀ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਨਾਰਲੀ ਅਤੇ ਹਰਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਧਨੌਲਾ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਵੱਖ-ਵੱਖ ਇਲਾਕਿਆਂ ਤੋਂ ਗੱਡੀਆਂ ਚੋਰੀ ਕਰ ਕੇ ਉਨ੍ਹਾਂ ਦੇ ਜਾਅਲੀ ਕਾਗਜ਼ ਤਿਆਰ ਕਰਨ ਅਤੇ ਨੰਬਰ ਟੈਂਪਰ ਕਰਕੇ ਪੰਜਾਬ ਪੁਲਸ ਦੀਆਂ ਵਰਦੀਆਂ ਪਾ ਕੇ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਕਿੰਨੇ ਸਮੇਂ ਤੋਂ ਇਸ ਧੰਦੇ ’ਚ ਲੱਗੇ ਹੋਏ ਹਨ ਅਤੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਇਸ ਸਬੰਧੀ ਦੋਵਾਂ ਖਿਲਾਫ ਥਾਣਾ ਖਾਲੜਾ ਵਿਖੇ ਪਰਚਾ ਦਰਜ ਕਰਦੇ ਹੋਏ ਮਾਣਯੋਗ ਅਦਾਲਤ ਕੋਲੋਂ ਸੱਤ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।