ਤਰਨਤਾਰਨ – ਥਾਣਾ ਖਾਲੜਾ ਦੀ ਪੁਲਸ ਨੇ ਤਾਰੋਂ ਪਾਰ ਤਸਕਰੀ ਕਰਨ ਵਾਲੇ 2 ਮੁਲਜ਼ਮਾਂ ਨੂੰ 1 ਕਿਲੋ 22 ਗ੍ਰਾਮ ਹੈਰੋਇਨ, ਮੋਬਾਈਲ ਫੋਨ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਜਿਸ ਵਿਚ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 5 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਅਸ਼ਵਨੀ ਕਪੂਰ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਦੇ ਐੱਸ.ਐੱਸ.ਪੀ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਕੰਮ ਕਰ ਰਹੇ ਪੁਲਸ ਕਰਮਚਾਰੀਆਂ ਵੱਲੋਂ ਮਾੜੇ ਅਨਸਰਾਂ ਉਪਰ ਨੱਥ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਭੇਜਿਆ ਜਾ ਰਿਹਾ ਹੈ। ਅਸ਼ਵਨੀ ਕਪੂਰ ਨੇ ਦੱਸਿਆ ਕਿ ਥਾਣਾ ਖਾਲੜਾ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੂੰ ਖੁਫ਼ੀਆ ਅਤੇ ਤਕਨੀਕੀ ਸੂਤਰਾਂ ਰਾਹੀਂ ਪਤਾ ਲੱਗਾ ਕਿ ਸੰਨੀ ਪੁੱਤਰ ਲਹੌਰਾ ਸਿੰਘ ਵਾਸੀ ਪਿੰਡ ਡਲ ਅਤੇ ਬਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਜੈਮਲ ਸਿੰਘ ਵਾਸੀ ਡਲ ਜੋ ਗੁਆਂਢੀ ਦੇਸ਼ ਪਾਕਿਸਤਾਨ ਵਿਚ ਮੌਜੂਦ ਸਮੱਗਲਰਾਂ ਨਾਲ ਸਬੰਧ ਬਣਾਉਂਦੇ ਹੋਏ ਵੱਖ-ਵੱਖ ਢੰਗਾਂ ਨੂੰ ਅਪਣਾਉਂਦੇ ਹੋਏ ਹੈਰੋਇਨ ਦੀਆਂ ਖੇਪਾਂ ਮੰਗਵਾ ਰਹੇ ਹਨ। ਜਿਸ ਨੂੰ ਬਾਅਦ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਨ ਦਾ ਧੰਦਾ ਕਰਦੇ ਹਨ। ਇਹ ਦੋਵੇਂ ਮੁਲਜ਼ਮ ਇਲਾਕੇ ਵਿਚ ਹੈਰੋਇਨ ਦੀ ਸਪਲਾਈ ਕਰਨ ਲਈ ਘੁੰਮ ਰਹੇ ਹਨ।
ਡੀ.ਆਈ.ਜੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਇਸ ਦੌਰਾਨ ਥਾਣਾ ਖਾਲੜਾ ਦੀ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਕਰਦੇ ਹੋਏ ਇਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਸਵਾਰਾਂ ਵੱਲੋਂ ਪੁਲਸ ਪਾਰਟੀ ਨੂੰ ਵੇਖ ਪਿੱਛੇ ਮੁੜਨ ਲੱਗੇ ਸਨ ਤਾਂ ਪੁਲਸ ਪਾਰਟੀ ਵੱਲੋਂ ਘੇਰਾ ਪਾਉਂਦੇ ਹੋਏ ਇਨ੍ਹਾਂ ਨੂੰ ਕਾਬੂ ਕਰ ਲਿਆ ਗਿਆ।