ਜਲਾਲਾਬਾਦ : ਜਲਾਲਾਬਾਦ ਵਾਸੀ ਕਸ਼ਮੀਰ ਚੰਦ ਦੀ ਮੋਟਰਸਾਈਕਲ (ਪੀਬੀ-10ਐੱਚਸੀ-01637) ਦੇ ਚੰਡੀਗੜ੍ਹ ’ਚ ਦੋ ਚਲਾਨ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਉਲਟ ਮਾਲਕ ਦਾ ਦਾਅਵਾ ਹੈ ਕਿ ਉਹ ਕਦੇ ਵੀ ਚੰਡੀਗੜ੍ਹ ਨਹੀਂ ਗਿਆ ਅਤੇ ਉਸ ਦਾ ਮੋਟਰਸਾਈਕਲ ਵੀ ਜਲਾਲਾਬਾਦ ’ਚ ਹੀ ਸੀ। ਇਹ ਚਲਾਨ ਚੰਡੀਗੜ੍ਹ ਏਅਰਪੋਰਟ ਰੋਡ ’ਤੇ ਦੁਪਹਿਰ 1 ਵਜੇ ਅਤੇ ਸ਼ਾਮ 6 ਵਜੇ ਕੱਟੇ ਗਏ, ਜਿਨ੍ਹਾਂ ਦੀ ਕੁੱਲ ਰਕਮ 2500 ਰੁਪਏ ਹੈ। ਮਾਲਕ ਨੇ ਦੱਸਿਆ ਕਿ ਉਸ ਦਾ 2024 ’ਚ ਵੀ ਇੱਕ ਚਲਾਨ ਕੱਟਿਆ ਗਿਆ ਸੀ।
ਜਦੋਂ ਮੋਟਰਸਾਈਕਲ ਦੇ ਚਲਾਨ ਦਾ ਮੈਸੇਜ ਮਿਲਿਆ ਤਾਂ ਉਸ ਨੇ ਜਾਂਚ ਕੀਤੀ ਅਤੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਜਲਾਲਾਬਾਦ ’ਚ ਦਫ਼ਤਰ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਦੀ ਨਿਗਰਾਨੀ ਹੇਠ ਖੜ੍ਹਾ ਸੀ। ਮਾਲਕ ਨੇ ਪ੍ਰਸ਼ਾਸਨ ਅਤੇ ਚੰਡੀਗਡ਼੍ਹ ਟ੍ਰੈਫਿਕ ਪੁਲਿਸ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਜਾਂਚ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਚਿੰਤਾ ਜਤਾਈ ਕਿ ਜੇਕਰ ਉਸਦੀ ਮੋਟਰਸਾਈਕਲ ਦਾ ਨੰਬਰ ਕਿਸੇ ਅਪਰਾਧ ’ਚ ਵਰਤਿਆ ਗਿਆ ਤਾਂ ਉਸ ਨੂੰ ਹੀ ਦੋਸ਼ੀ ਕਰਾਰ ਦਿੱਤਾ ਜਾ ਸਕਦਾ ਹੈ।
ਉਸ ਨੇ ਇਹ ਵੀ ਦੱਸਿਆ ਕਿ ਉਹਨੇ ਮੋਟਰਸਾਈਕਲ ਲੁਧਿਆਣਾ ਤੋਂ ਖ਼ਰੀਦਿਆ ਸੀ ਅਤੇ ਉਸ ਕੋਲ ਸਾਰੇ ਲਾਜ਼ਮੀ ਦਸਤਾਵੇਜ਼ ਮੌਜੂਦ ਹਨ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੋਟਰਸਾਈਕਲ ਮਾਲਕ ਨੇ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।