ਜਲੰਧਰ –ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੇ ਇਕ ਸਕੂਲ ਤੋਂ ਲਾਪਤਾ ਹੋਈਆਂ 11ਵੀਂ ਕਲਾਸ ਦੀਆਂ 2 ਵਿਦਿਆਰਥਣਾਂ ਨੂੰ ਪੁਲਸ ਨੇ ਜੰਮੂ-ਕਸ਼ਮੀਰ ਤੋਂ ਬਰਾਮਦ ਕਰਕੇ ਉਨ੍ਹਾਂ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਹੈ। ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ (ਆਈ. ਪੀ. ਐੱਸ.) ਨੇ ਦੱਸਿਆ ਕਿ ਉਕਤ ਸਬੰਧੀ ਜ਼ਿਲ੍ਹਾ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੀ ਵਾਸੀ ਅੰਜੂ ਪਤਨੀ ਕ੍ਰਿਸ਼ਨ ਕਾਂਤ ਦੇ ਬਿਆਨਾਂ ’ਤੇ ਥਾਣਾ ਬਸਤੀ ਬਾਵਾ ਖੇਲ ਵਿਚ 3 ਸਤੰਬਰ ਦੀ ਰਾਤ ਨੂੰ ਦਰਜ ਕੀਤੇ ਗਏ ਮਾਮਲੇ ਨੂੰ ਏ. ਸੀ. ਪੀ. ਵੈਸਟ ਅਰਸ਼ਦੀਪ ਸਿੰਘ ਦੀ ਅਗਵਾਈ ਵਿਚ ਪੁਲਸ ਚੌਂਕੀ ਲੈਦਰ ਕੰਪਲੈਕਸ ਦੇ ਇੰਚਾਰਜ ਸਬ-ਇੰਸ. ਵਿਕਟਰ ਮਸੀਹ ਅਤੇ ਉਨ੍ਹਾਂ ਦੀ ਟੀਮ ਨੇ ਪੁਲਸ ਕਮਿਸ਼ਨਰ ਜਲੰਧਰ ਸਵਪਨ ਸ਼ਰਮਾ ਦੀ ਗਾਈਡਲਾਈਨ ’ਤੇ ਕੰਮ ਕਰਦਿਆਂ ਸਿਰਫ਼ 24 ਘੰਟਿਆਂ ਵਿਚ ਟ੍ਰੇਸ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਏ. ਡੀ. ਸੀ. ਪੀ. ਨੇ ਦੱਸਿਆ ਕਿ ਦੋਵੇਂ ਵਿਦਿਆਰਥਣਾਂ 2 ਸਤੰਬਰ ਨੂੰ ਸ਼ਾਮ 5 ਵਜੇ ਸਕੂਲ ਤੋਂ ਲਾਪਤਾ ਹੋਈਆਂ ਸਨ, ਜਿਨ੍ਹਾਂ ਨੂੰ ਪਹਿਲਾਂ ਪਰਿਵਾਰਕ ਮੈਂਬਰ ਅਤੇ ਸਕੂਲ ਸਟਾਫ਼ ਆਪਣੇ ਪੱਧਰ ’ਤੇ ਲੱਭਦੇ ਰਹੇ ਪਰ ਜਦੋਂ ਕੁਝ ਪਤਾ ਨਾ ਲੱਗਾ ਤਾਂ ਇਸ ਸਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੁਝ ਘੰਟਿਆਂ ਵਿਚ ਮਾਮਲਾ ਟ੍ਰੇਸ ਕਰ ਲਿਆ।